ਪਿੰਡ ਭਿੰਡਰ ਕਲਾਂ ਦੇ ਲਾਪਤਾ ਨਾਬਾਲਗ Taranpreet Singh ਦੀ ਲਾਸ਼ ਨਹਿਰ ਵਿੱਚੋਂ ਬਰਾਮਦ
ਪਰਿਵਾਰ ਨੇ ਦੋਸਤਾਂ ਵੱਲੋਂ ਹੱਤਿਆ ਕਰਨ ਦਾ ਖਦਸ਼ਾ ਪ੍ਰਗਟਾਇਆ
ਇੱਥੋਂ ਨੇੜਲੇ ਪਿੰਡ ਭਿੰਡਰ ਕਲਾਂ ਦੇ ਲਾਪਤਾ ਨਾਬਾਲਗ ਤਰਨਪ੍ਰੀਤ ਸਿੰਘ ਦੀ ਲਾਸ਼ ਅੱਜ ਜਲਾਲਾਬਾਦ ਮਾਈਨਰ ਵਿੱਚੋਂ ਮਿਲੀ ਹੈ। ਉਹ ਬੀਤੇ ਦਿਨ ਤੋਂ ਲਾਪਤਾ ਸੀ। ਲੜਕੇ ਦੀ ਮਾਤਾ ਨੇ ਉਸ ਦੇ ਦੋ ਦੋਸਤਾਂ ’ਤੇ ਉਸ ਨੂੰ ਨਹਿਰ ਵਿੱਚ ਡੋਬ ਕੇ ਮਾਰਨ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪਰਿਵਾਰ ਨੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਲੜਕੇ ਦੀ ਮਾਤਾ ਕਮਲਜੀਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਤਰਨਪ੍ਰੀਤ ਸਿੰਘ ਦੇ ਦੋ ਦੋਸਤ ਚਰਨਜੀਤ ਸਿੰਘ ਅਤੇ ਜਸਵਿੰਦਰ ਸਿੰਘ ਉਸ ਨੂੰ ਘਰੋਂ ਨਾਲ ਲੈ ਕੇ ਗਏ ਸਨ। ਜਦੋਂ ਦੇਰ ਸ਼ਾਮ ਉਹ ਘਰ ਨਾ ਪਰਤਿਆ, ਤਾਂ ਉਨ੍ਹਾਂ ਦੋਹਾਂ ਲੜਕਿਆਂ ਨੇ ਪਹਿਲਾਂ ਟਾਲ-ਮਟੋਲ ਕੀਤਾ। ਬਾਅਦ ਵਿੱਚ ਜ਼ੋਰ ਪਾਉਣ ਉੱਤੇ ਉਨ੍ਹਾਂ ਦੱਸਿਆ ਕਿ ਤਰਨਪ੍ਰੀਤ ਨਹਿਰ ਦੇ ਡੂੰਘੇ ਪਾਣੀ ਵਿੱਚ ਡੁੱਬ ਗਿਆ ਹੈ।
ਇਸ ਮਗਰੋਂ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਭਾਲ ਵਿੱਚ ਜੁੱਟ ਗਏ ਅਤੇ ਅੱਜ ਉਸ ਦੀ ਲਾਸ਼ ਪਿੰਡ ਜਲਾਲਾਬਾਦ ਕੋਲੋਂ ਲੰਘਦੀ ਨਹਿਰ ਵਿੱਚੋਂ ਮਿਲ ਗਈ। ਪੁਲੀਸ ਨੇ ਜਾਣਕਾਰੀ ਮਿਲਦਿਆਂ ਹੀ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕਢਵਾਇਆ ਅਤੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ। ਥਾਣਾ ਮੁਖੀ ਲਛਮਣ ਸਿੰਘ ਨੇ ਦੱਸਿਆ ਕਿ ਲਾਪਤਾ ਲੜਕੇ ਦੀ ਲਾਸ਼ ਨਹਿਰ ਵਿੱਚੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜੇਕਰ ਲੜਕੇ ਦੇ ਦੋਸਤਾਂ ਦੀ ਇਸ ਮਾਮਲੇ ਵਿੱਚ ਕੋਈ ਭੂਮਿਕਾ ਸਾਹਮਣੇ ਆਈ, ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

