BKU Ugrahan: ਥਾਣੇ ’ਚ ਰਾਤ ਨੂੰ ਔਰਤ ਦੀ ਕੁੱਟਮਾਰ ਦਾ ਮਾਮਲਾ ਭਖਿਆ
ਥਾਣਾ ਸਿਟੀ-2 ਮਾਨਸਾ ਵੱਲੋਂ ਮਹਿਲਾ ਨੂੰ ਥਾਣੇ ਲਿਆ ਕੇ ਕਥਿਤ ਕੁੱਟਮਾਰ ਕਰਨ ਦਾ ਮਾਮਲਾ ਗਰਮਾ ਗਿਆ ਹੈ। ਇਸ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਜਦੋਂ ਥਾਣੇ ਦਾ ਘਿਰਾਓ ਕਰ ਲਿਆ ਤਾਂ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਥਾਣੇ ਦੀ...
ਥਾਣਾ ਸਿਟੀ-2 ਮਾਨਸਾ ਵੱਲੋਂ ਮਹਿਲਾ ਨੂੰ ਥਾਣੇ ਲਿਆ ਕੇ ਕਥਿਤ ਕੁੱਟਮਾਰ ਕਰਨ ਦਾ ਮਾਮਲਾ ਗਰਮਾ ਗਿਆ ਹੈ। ਇਸ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਜਦੋਂ ਥਾਣੇ ਦਾ ਘਿਰਾਓ ਕਰ ਲਿਆ ਤਾਂ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਥਾਣੇ ਦੀ ਮੁਖੀ ਮਹਿਲਾ ਹੋਣ ਦੇ ਬਾਵਜੂਦ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਦੇ ਦੋਸ਼ਾਂ ਸਬੰਧੀ ਕੋਈ ਤੱਸਲੀਬਖ਼ਸ ਜਵਾਬ ਨਾ ਦੇਣ ਤੋਂ ਬਾਅਦ ਕਿਸਾਨ ਆਗੂ ਭੜਕ ਗਏ ਅਤੇ ਉਨ੍ਹਾਂ ਨੇ ਇਨਸਾਫ਼ ਲਈ ਥਾਣੇ ਦਾ ਘਿਰਾਓ ਕਰ ਕੇ ਧਰਨਾ ਲਾ ਦਿੱਤਾ।
ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਦੋਂ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਨੂੰ ਰਾਤ ਭਰ ਥਾਣੇ ਰੱਖਣ ਅਤੇ ਉਸ ਦਾ ਡਾਕਟਰੀ ਮੁਆਇਨਾ ਕਰਵਾਉਣ ਦੀ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਚਿਤਾਵਨੀ ਦਿੱਤੀ ਤਾਂ ਮਾਮਲੇ ਨੂੰ ਸ਼ਾਂਤ ਕਰਨ ਲਈ ਪੁਲੀਸ ਅਧਿਕਾਰੀਆਂ ਦੀ ਸੁਰ ਨਰਮ ਪੈ ਗਈ। ਬਾਅਦ ਵਿੱਚ ਧਰਨੇ ਵਾਲੀ ਥਾਂ ’ਤੇ ਪੁਲੀਸ ਅਧਿਕਾਰੀਆਂ ਵੱਲੋਂ ਕਿਸਾਨਾਂ ਤੋਂ ਮੁਆਫ਼ੀ ਮੰਗਣ ਮਗਰੋਂ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਗਿਆ। ਰਾਮ ਸਿੰਘ ਭੈਣੀਬਾਘਾ ਅਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੋਸ਼ ਲਗਾਇਆ ਕਿ ਬੀਤੀ ਸ਼ਾਮ ਮਾਨਸਾ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪਿੰਡ ਭੈਣੀਬਾਘਾ ਦੀ ਮਹਿਲਾ ਨੂੰ ਪੁਲੀਸ ਥਾਣੇ ਲੈ ਕੇ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮਹਿਲਾ ਨੂੰ ਕਥਿਤ ਤੌਰ ’ਤੇ ਹਿਰਾਸਤ ਵਿੱਚ ਰੱਖਕੇ ਉਸ ਨਾਲ ਕੁੱਟਮਾਰ ਕੀਤੀ ਗਈ। ਕਿਸਾਨ ਆਗੂਆਂ ਅਨੁਸਾਰ ਦੇਰ ਰਾਤ ਕਿਸਾਨਾਂ ਦੇ ਦਖ਼ਲ ਤੋਂ ਬਾਅਦ ਮਹਿਲਾ ਨੂੰ ਰਿਹਾਅ ਕਰਵਾਇਆ ਗਿਆ ਪਰ ਬਾਅਦ ਵਿੱਚ ਉਸ ਨੂੰ ਮੁੜ ਥਾਣੇ ਲਿਆ ਕੇ ਹਿਰਾਸਤ ਵਿੱਚ ਰੱਖਿਆ ਤੇ ਕਥਿਤ ਕੁੱਟਮਾਰ ਕੀਤੀ। ਕਿਸਾਨ ਆਗੂਆਂ ਨੇ ਸਬੰਧਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਇਸੇ ਦੌਰਾਨ ਥਾਣਾ ਸਿਟੀ-2 ਦੀ ਐੱਸ ਐੱਚ ਓ ਬੇਅੰਤ ਕੌਰ ਅਤੇ ਸੀ ਆਈ ਏ ਦੇ ਇੰਚਾਰਜ ਬਲਕੌਰ ਸਿੰਘ ਧਰਨੇ ਵਿੱਚ ਪਹੁੰਚੇ ਅਤੇ ਆਪਣਾ ਪੱਖ ਧਰਨਾਕਾਰੀਆਂ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਗੋਲੀਬਾਰੀ ਮਾਮਲੇ ਵਿੱਚ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁੱਛ-ਪੜਤਾਲ ਲਈ ਥਾਣੇ ਲਿਆਂਦਾ ਗਿਆ ਸੀ ਤਾਂ ਜੋ ਮਾਮਲੇ ਵਿੱਚ ਲੋੜੀਂਦੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਪੁਲੀਸ ਦਾ ਵਿਵਹਾਰ ਕਿਸਾਨਾਂ ਨੂੰ ਗਲਤ ਲੱਗਿਆ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ।

