BKU Ekta Ugrahan: ਉਗਰਾਹਾਂ ਯੂਨੀਅਨ ਦੇ ਡੀ ਸੀ ਦਫ਼ਤਰਾਂ ਅੱਗੇ ਮੋਰਚੇ 23 ਤੱਕ ਮੁਲਤਵੀ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਨੇ ਅੱਜ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਡੀ ਸੀ ਦਫ਼ਤਰਾਂ ਅੱਗੇ 16 ਦਿਨਾਂ ਤੋਂ ਦਿਨ-ਰਾਤ ਦੇ ਪੱਕੇ ਮੋਰਚਿਆਂ ਨੂੰ 23 ਸਤੰਬਰ ਤੱਕ ਟਾਲਦਿਆਂ ਘਰਾਂ ਨੂੰ ਵਾਪਸੀ ਦਾ ਫ਼ੈਸਲਾ ਕੀਤਾ ਹੈ। ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਥੇਬੰਦੀ...
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਨੇ ਅੱਜ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਡੀ ਸੀ ਦਫ਼ਤਰਾਂ ਅੱਗੇ 16 ਦਿਨਾਂ ਤੋਂ ਦਿਨ-ਰਾਤ ਦੇ ਪੱਕੇ ਮੋਰਚਿਆਂ ਨੂੰ 23 ਸਤੰਬਰ ਤੱਕ ਟਾਲਦਿਆਂ ਘਰਾਂ ਨੂੰ ਵਾਪਸੀ ਦਾ ਫ਼ੈਸਲਾ ਕੀਤਾ ਹੈ। ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਭਰੋਸਾ ਪ੍ਰਗਟਾਇਆ, ਜੋ ਅੰਨਦਾਤਾ ਦੀਆਂ ਮੰਗਾਂ ਨਾਲ ਟਕਰਾਇਆ ਹੈ, ਉਸ ਦਾ ਅੰਤ ਹਮੇਸ਼ਾ ਮਾੜਾ ਹੀ ਹੋਇਆ ਹੈ। ਜਥੇਬੰਦੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਕਚਹਿਰੀਆਂ ਵਿੱਚ ਆਪਣੇ 30 ਅਗਸਤ ਤੋਂ ਲਾਏ ਤੰਬੂ ਪੁੱਟ ਲਏ ਅਤੇ ਮੁੜ ਮੋਰਚਾ ਲਾਉਣ ਦੇ ਇਰਾਦੇ ਨਾਲ ਜੈਕਾਰੇ ਛੱਡਦੇ ਘਰਾਂ ਨੂੰ ਚਲੇ ਗਏ। ਇਸ ਤੋਂ ਪਹਿਲਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਰੇ ਰਸਤੇ ਬੰਦ ਕਰ ਕੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਵੱਲੋਂ ਧਰਨਿਆਂ ਦੀ ਸੂਬਾ ਪੱਧਰ ’ਤੇ ਸਮਾਪਤੀ ਦਾ ਜਥੇਬੰਦੀ ਸੂਬਾਈ ਟੀਮ ਵੱਲੋਂ ਲਏ ਫ਼ੈਸਲੇ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਇਹ ਮੋਰਚਾ ਅੱਜ ਖ਼ਤਮ ਕਰ ਦਿੱਤਾ ਹੈ, ਪਰ ਕਿਸਾਨ ਮੰਗਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਤਹਿਤ 24 ਸਤੰਬਰ ਨੂੰ ਡੀ ਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ, ਜਦੋਂ ਵੀ ਪੰਜਾਬ ਸਰਕਾਰ ਵਿਧਾਨ ਸਭਾ ਦਾ ਇਜਲਾਸ ਕਰੇਗੀ ਤਾਂ ਉਸੇ ਦਿਨ ਚੰਡੀਗੜ੍ਹ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਭੋਲਾ ਸਿੰਘ ਮਾਖਾ ਚਹਿਲਾਂ, ਮਹਿੰਦਰ ਸਿੰਘ ਰੁਮਾਣਾ, ਉਤਮ ਸਿੰਘ ਰਾਮਾਂਨੰਦੀ, ਕੁਲਦੀਪ ਸਿੰਘ ਚਚੋਹਰ, ਜਗਸੀਰ ਸਿੰਘ ਜਵਾਹਰਕੇ, ਮੇਜਰ ਸਿੰਘ ਗੋਬਿੰਦਪੁਰਾ, ਹਰਪਾਲ ਸਿੰਘ ਮੀਰਪੁਰ, ਸਾਧੂ ਸਿੰਘ ਅਕਲੀਆ, ਸਰੋਜ ਰਾਣੀ ਦਿਆਲਪੁਰਾ, ਨਰਿੰਦਰ ਕੌਰ ਆਹਲੂਪੁਰ ਨੇ ਵੀ ਸੰਬੋਧਨ ਕੀਤਾ।
ਬਠਿੰਡਾ (ਸ਼ਗਨ ਕਟਾਰੀਆ): ਬੀ ਕੇ ਯੂ (ਏਕਤਾ)-ਉਗਰਾਹਾਂ ਨੇ ਅੱਜ ਵੀ ਡੀ ਸੀ ਦਫ਼ਤਰ ਦਾ ਘਿਰਾਓ ਜਾਰੀ ਰੱਖਿਆ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਐਲਾਨ ਕੀਤਾ ਕਿ 24 ਸਤੰਬਰ ਨੂੰ ਪੰਜਾਬ ਭਰ ’ਚ ਡੀ ਸੀ ਦਫ਼ਤਰਾਂ ਦੇ ਘਿਰਾਓ ਕੀਤੇ ਜਾਣਗੇ ਅਤੇ ਜਦੋਂ ਵੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ, ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਆਗੂਆਂ ਨੇ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨ, ਲੈਂਡ ਪੂਲਿੰਗ ਨੀਤੀ ਵਾਪਸ ਲੈਣ, ਕਾਸ਼ਤਕਾਰਾਂ, ਮੁਜ਼ਾਰਿਆਂ, ਆਬਾਦਕਾਰਾਂ ਅਤੇ ਕਿਸਾਨ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਦੀ ਮੰਗ ਉਠਾਈ। ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਖ਼ਤਮ ਕਰਨ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਅਤੇ ਪਾਣੀ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਾਗੂ ਕਰਨ ਦੀ ਮੰਗ ਵੀ ਚੁੱਕੀ ਗਈ।
ਇਸ ਮੌਕੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ, ਜਗਦੇਵ ਸਿੰਘ, ਜਗਸੀਰ ਸਿੰਘ, ਹਰਿੰਦਰ ਬਿੰਦੂ ਤੇ ਹਰਪ੍ਰੀਤ ਕੌਰ ਜੇਠੂਕੇ ਨੇ ਆਖਿਆ ਕਿ ਕਿਸਾਨ ਅੰਦੋਲਨ ਤੇ ਪਰਾਲੀ ਨਾਲ ਸਬੰਧਤ ਪੁਲੀਸ ਕੇਸ ਰੱਦ ਕੀਤੇ ਜਾਣ ਅਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕੀਤੀ ਜਾਵੇ ਜਾਵੇ।
ਬੀਬੀਆਂ ਨੇ ਸੰਭਾਲੀ ਬਰਨਾਲਾ ਮੋਰਚੇ ਦੀ ਕਾਰਵਾਈ
ਬਰਨਾਲਾ (ਪਰਸ਼ੋਤਮ ਬੱਲੀ): ਬੀ ਕੇ ਯੂ (ਏਕਤਾ)-ਉਗਰਾਹਾਂ ਦੇ ਡੀ ਸੀ ਦਫ਼ਤਰ ਅੱਗੇ ਮੋਰਚੇ ਦੇ 16ਵੇਂ ਦਿਨ ਅੱਜ ਜ਼ਿਲ੍ਹਾ ਮਹਿਲਾ ਵਿੰਗ ਕਨਵੀਨਰ ਕਮਲਜੀਤ ਕੌਰ ਬਰਨਾਲਾ ਨੇ ਕਮਾਨ ਸੰਭਾਲੀ। ਕਿਸਾਨ ਬੀਬੀਆਂ ਨੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਨਵੀਨਰ ਕਮਲਜੀਤ ਕੌਰ ਬਰਨਾਲਾ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਸਰਕਾਰਾਂ ਮੰਨ ਨਹੀਂ ਰਹੀਆਂ। ਸਰਕਾਰਾਂ ਅੰਨਦਾਤਾ ਨਾਲ ਦੁਸ਼ਮਣਾਂ ਵਾਲਾ ਵਤੀਰਾ ਅਪਣਾ ਰਹੀਆਂ ਹਨ, ਦੂਜੇ ਪਾਸੇ ਪੂੰਜੀਪਤੀਆਂ ਦੇ ਮੁਨਾਫ਼ੇ ਯਕੀਨੀ ਬਣਾਉਣ ਦੀ ਫ਼ਿਕਰ ਕਰ ਰਹੀਆਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਨਵੀਂ ਲੈਂਡ ਪੂਲਿੰਗ ਨੀਤੀ ਵੀ ਰੱਦ ਕੀਤੀ ਜਾਵੇ। ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਨੇ 24 ਸਤੰਬਰ ਨੂੰ ਡੀਸੀ ਦਫ਼ਤਰ ਦੇ ਫ਼ਿਰ ਘਿਰਾਓ ਦਾ ਐਲਾਨ ਕੀਤਾ। ਮੰਚ ਸੰਚਾਲਨ ਬਿੰਦਰਪਾਲ ਕੌਰ ਭਦੌੜ ਨੇ ਕੀਤਾ। ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਬਿੰਦਰਪਾਲ ਕੌਰ ਭਦੌੜ, ਅਮਰਜੀਤ ਕੌਰ ਬਡਬਰ, ਰਾਜਵਿੰਦਰ ਕੌਰ ਕਾਲੇਕੇ, ਲਖਵੀਰ ਕੌਰ ਧਨੌਲਾ, ਸੁਖਦੇਵ ਕੌਰ ਠੁੱਲੀਵਾਲ, ਸੁਖਵਿੰਦਰ ਕੌਰ ਹਮੀਦੀ, ਕੁਲਵਿੰਦਰ ਕੌਰ, ਬਲਜੀਤ ਕੌਰ ਰੂੜੇਕੇ, ਰਣਜੀਤ ਕੌਰ, ਸੰਦੀਪ ਕੌਰ ਪੱਤੀ ਸੇਖਵਾਂ, ਤੇ ਬਲਵੀਰ ਕੌਰ ਕਰਮਗੜ੍ਹ ਆਦਿ ਆਗੂਆਂ ਵੀ ਸੰਬੋਧਨ ਕੀਤਾ।

