BKU Ekta Ugrahan: ਅਮਰੀਕਾ ਦੇ ਪੱਖ ’ਚ ਭੁਗਤ ਰਿਹੈ ਕੇਂਦਰ: ਨੈਣੇਵਾਲ
ਬੀ ਕੇ ਯੂ (ਏਕਤਾ)-ਉਗਰਾਹਾਂ ਵੱਲੋਂ ਡੀ ਸੀ ਬਰਨਾਲਾ ਦਫ਼ਤਰ ਅੱਗੇ ਸੂਬਾਈ ਸੱਦੇ ’ਤੇ ਲਾਇਆ ਜ਼ਿਲ੍ਹਾ ਪੱਧਰੀ ਮੋਰਚਾ ਨੌਵੇਂ ਦਿਨ ਵੀ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਦੇਸ਼ ਨਾਲ ਧੋਖੇ ਦੇ ਸਮਾਨ ਹੈ। ਚਮਕੌਰ ਸਿੰਘ ਨੈਣੇਵਾਲ...
ਬੀ ਕੇ ਯੂ (ਏਕਤਾ)-ਉਗਰਾਹਾਂ ਵੱਲੋਂ ਡੀ ਸੀ ਬਰਨਾਲਾ ਦਫ਼ਤਰ ਅੱਗੇ ਸੂਬਾਈ ਸੱਦੇ ’ਤੇ ਲਾਇਆ ਜ਼ਿਲ੍ਹਾ ਪੱਧਰੀ ਮੋਰਚਾ ਨੌਵੇਂ ਦਿਨ ਵੀ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਦੇਸ਼ ਨਾਲ ਧੋਖੇ ਦੇ ਸਮਾਨ ਹੈ। ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਕੇਂਦਰ ਦਾ ਜ਼ੋਰ ਭਾਰਤੀ ਅਨਾਜ ਮੰਡੀਆਂ ਦਾ ਸਫ਼ਾਇਆ ਕਰ ਕੇ ਅਮਰੀਕੀ ਸਾਮਰਾਜ ਕਾਰਪੋਰੇਟ ਘਰਾਣਿਆਂ ਲਈ ਮੰਡੀਆਂ ਸਥਾਪਤੀ ’ਤੇ ਲੱਗਿਆ ਹੈ।
ਆਗੂਆਂ ਕਿਹਾ ਕਿ ਭਾਰਤ ਵਿੱਚ ਅਮਰੀਕਾ ਦਾ ਅਨਾਜ, ਸਬਜ਼ੀਆਂ, ਫਲ, ਮੇਵੇ, ਤੇਲ, ਦੁੱਧ ਤੋਂ ਬਣਨ ਵਾਲੇ ਉਤਪਾਦ ਅਮਰੀਕਾ ਤੋਂ ਹੀ ਬਣਾ ਕੇ ਭੇਜੇਗਾ। ਭਾਰਤ ਦੀ ਸਸਤੀ ਲੇਬਰ, ਜ਼ਮੀਨ ’ਤੇ ਕਬਜ਼ਾ ਕਰਵਾ ਕੇ ਕੱਚਾ ਮਾਲ ਤਿਆਰ ਕਰ ਕੇ ਬਾਹਰਲੇ ਦੇਸ਼ਾਂ ਵਿੱਚ ਭੇਜਿਆ ਜਾਵੇਗਾ। ਇਸ ਤਰ੍ਹਾਂ ਭਾਰਤ ਦਾ ਸਰਮਾਇਆ ਵਿਦੇਸ਼ੀ ਕੰਪਨੀਆਂ ਆਪਣੇ ਮੁਲਕਾਂ ਵਿੱਚ ਲੈ ਜਾਣਗੀਆਂ।
ਅੱਜ ਜਰਨੈਲ ਸਿੰਘ ਬਦਰਾ, ਕ੍ਰਿਸ਼ਨ ਸਿੰਘ, ਭਗਤ ਸਿੰਘ ਛੰਨਾ, ਦਰਸ਼ਨ ਭੈਣੀ, ਜਰਨੈਲ ਸਿੰਘ ਜਵੰਧਾ, ਮਲਕੀਤ ਸਿੰਘ ਹੇੜੀਕੇ, ਕੁਲਜੀਤ ਸਿੰਘ ਵਜੀਦਕੇ, ਹਰੀ ਸਿੰਘ ਭਗਤਪੁਰਾ, ਸਾਧਾ ਸਿੰਘ ਦਰਾਕਾ, ਔਰਤ ਆਗੂ ਮਨਜੀਤ ਕੌਰ ਕਾਨੇਕੇ, ਨਵਦੀਪ ਕੌਰ ਪੰਜਗਰਾਈਂ, ਕੁਲਵੰਤ ਕੌਰ ਧਨੌਲਾ, ਅਮਰਜੀਤ ਕੌਰ ਤੇ ਰਣਜੀਤ ਕੌਰ ਆਦਿ ਆਗੂ ਸ਼ਾਮਲ ਸਨ।
ਮਾਨਸਾ (ਪੱਤਰ ਪ੍ਰੇਰਕ): ਕਾਰਪੋਰੇਟ ਘਰਾਣਿਆਂ ਦੀ ਕਥਿਤ ਲੁੱਟ ਅਤੇ ਲੋਕ ਵਿਰੋਧੀਆਂ ਨੀਤੀਆਂ ਖ਼ਿਲਾਫ਼ ਬੀ ਕੇ ਯੂ (ਏਕਤਾ)-ਉਗਰਾਹਾਂ ਵੱਲੋਂ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਅਣਮਿਥੇ ਸਮੇਂ ਲਈ ਦਿਨ-ਰਾਤ ਦੇ ਆਰੰਭ ਕੀਤੇ ਪੱਕੇ ਮੋਰਚੇ ਅੱਜ 9ਵੇਂ ਦਿਨ ਵੀ ਜਾਰੀ ਰਹੇ। ਧਰਨਾਕਾਰੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨ ਲਗਾਤਾਰ ਅਧਿਕਾਰੀਆਂ ਦੇ ਦਰਾਂ ਅੱਗੇ ਬੈਠ ਕੇ ਮੰਗ ਕਰ ਰਹੇ ਹਨ ਕਿ ਉਹ ਕੇਂਦਰ ਅਮਰੀਕਾ ਨਾਲ ਸਮਝੌਤਾ ਨਾ ਕਰੇ, ਅਜਿਹਾ ਹੋਇਆ ਤਾਂ ਦੇਸ਼ ਦੀ ਕਿਸਾਨੀ ਅਤੇ ਡੇਅਰੀ ਕਿੱਤਾ ਤਬਾਹ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਰੱਦ ਕਰੇ, ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਖਤਮ ਕਰੇ, ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨ ਮਾਲਕੀ ਦੇ ਹੱਕ ਦਿੱਤੇ ਜਾਣ। ਸੰਘਰਸ਼ਾਂ ਦੌਰਾਨ ਕਿਸਾਨਾਂ ’ਤੇ ਪਾਏ ਕੇਸ ਰੱਦ ਕੀਤੇ ਜਾਣ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਮੇਜਰ ਸਿੰਘ ਗੋਬਿੰਦਪੁਰਾ,ਪਰਮਜੀਤ ਕੌਰ, ਸਰੋਜ਼ ਰਾਣੀ, ਲਾਭ ਸਿੰਘ ਖੋਖਰ ਨੇ ਵੀ ਸੰਬੋਧਨ ਕੀਤਾ।
ਕਿਸਾਨ ਏਕਤਾ ਬਰਕਰਾਰ ਰੱਖਣ ’ਤੇ ਜ਼ੋਰ
ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ਵਿੱਚ ਚੱਲ ਰਹੇ ਪੱਕੇ ਮੋਰਚੇ ਦੇ ਨੌਵੇਂ ਦਿਨ ਅੱਜ ਬੀ ਕੇ ਯੂ (ਏਕਤਾ)-ਉਗਰਾਹਾਂ ਹਰਿਆਣਾ ਦੇ ਆਗੂ ਬਲਜੀਤ ਸਿੰਘਪੁਰਾ ਅਤੇ ਭੁਪਿੰਦਰ ਸਿੰਘ ਡੱਬਵਾਲੀ ਕਾਫ਼ਲੇ ਸਣੇ ਮੋਰਚੇ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਸਣੇ ਵੱਖ-ਵੱਖ ਇਲਾਕਿਆਂ ਦੀ ਸਾਂਝ ਨੂੰ ਖਿੰਡਾਉਣ ਲਈ ਸਰਕਾਰਾਂ ਵੱਲੋਂ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ 9 ਸਤੰਬਰ ਨੂੰ ਕਵੀ ਅਵਤਾਰ ਸਿੰਘ ਪਾਸ਼ ਦਾ ਜਨਮ ਦਿਹਾੜਾ ਉਨ੍ਹਾਂ ਦੇ ਪਿੰਡ ਤਲਵੰਡੀ ਸਲੇਮ (ਜਲੰਧਰ) ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਜ਼ਿਲ੍ਹਾ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਔਰਤਾਂ ਸ਼ਮੂਲੀਅਤ ਕਰਨਗੇ। ਇਕੱਠ ਨੂੰ ਜਸਪਾਲ ਸਿੰਘ ਕੋਠਾ ਗੁਰੂ, ਰਾਮ ਸਿੰਘ ਕੋਟਗੁਰੂ, ਪਰਮਜੀਤ ਕੌਰ ਪਿੱਥੋ ਅਤੇ ਹਰਪ੍ਰੀਤ ਕੌਰ ਜੇਠੂਕੇ ਨੇ ਵੀ ਸੰਬੋਧਨ ਕੀਤਾ।

