ਧਰਨਿਆਂ ਦੌਰਾਨ ਭਾਜਪਾ ਆਗੂ ਘਰਾਂ ’ਚ ਡੱਕੇ

ਧਰਨਿਆਂ ਦੌਰਾਨ ਭਾਜਪਾ ਆਗੂ ਘਰਾਂ ’ਚ ਡੱਕੇ

ਮਾਨਸਾ ਵਿੱਚ ਭਾਜਪਾ ਆਗੂ ਦੇ ਘਰ ਅੱਗੇ ਨਾਅਰੇਬਾਜ਼ੀ ਕਰ ਰਹੇ ਧਰਨਾਕਾਰੀ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 3 ਦਸੰਬਰ

ਨਵੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਭਾਜਪਾ ਆਗੂਆ ਦੇ ਘਰਾਂ ਅੱਗੇ ਦਿੱਤੇ ਧਰਨਿਆਂ ਦੌਰਾਨ ਮੋਦੀ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਵੱਲੋਂ ਉੱਤਰੀ ਭਾਰਤ ਦੇ ਸਭ ਤੇ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਿਟਡ ਅੱਗੇ ਵੀ ਧਰਨਾ ਲਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਸਾਧੂ ਸਿੰਘ ਅਲੀਸ਼ੇਰ ਵੱਲੋਂ ਮਾਨਸਾ ਵਿਖੇ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਐਡਵੋਕੇਟ ਸੂਰਜ ਕੁਮਾਰ ਛਾਬੜਾ ਦੇ ਘਰ ਅੱਗੇ ਲਗਾਤਾਰ 28ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਜਿੰਨਾ ਚਿਰ ਧਰਨਾ ਰਹਿੰਦਾ ਹੈ ਉਨਾ ਚਿਰ ਭਾਜਪਾ ਆਗੂ ਘਰਾਂ ਵਿੱਚ ਡੱਕੇ ਰਹਿੰਦੇ ਹਨ। ਇਸ ਮੌਕੇ ਜਗਸੀਰ ਸਿੰਘ ਕਾਲਾ ਜਵਾਹਰਕੇ, ਗੁਰਤੇਜ ਸਿੰਘ ਦੂਲੋਵਾਲ, ਨਸੀਬ ਕੌਰ, ਜਰਨੈਲ ਕੌਰ, ਮਨਜੋਤ ਕੌਰ ਰੱਲਾ ਸੰਬੋਧਨ ਕੀਤਾ। ਉਧਰ ਜਥੇਬੰਦੀ ਵੱਲੋ ਬਣਾਂਵਾਲਾ ਥਰਮਲ ਪਲਾਂਟ ਅੱਗੇ ਲਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਜਾਰੀ

ਮਾਨਸਾ (ਪੱਤਰ ਪ੍ਰੇਰਕ): ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ (ਏਕਟੂ) ਦੇ ਨਰਿੰਦਰ ਕੌਰ ਬੁਰਜ ਹਮੀਰਾ, ਨੇ ਕਿਹਾ ਕਿ ਪਿਛਲੇ ਤਿੰਨ ਦਹਾਕਿਆ ਤੋਂ ਚੱਲ ਰਹੇ ਨਿੱਜੀਕਰਨ, ਉਦਾਰੀਕਰਨ ਅਤੇ ਵਿਸ਼ਵੀਕਰਨ ਨੇ ਦੇਸ ਦੇ ਮਿਹਨਤਕਸ਼ ਆਵਾਮ ਨੂੰ ਨਪੀੜਿਆ ਹੈ, ਜਿਸ ਤਹਿਤ ਕੇਂਦਰ ਸਰਕਾਰ ਵੱਲੋਂ ਕਾਲੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਮਜ਼ਦੂਰਾਂ ਦਾ ਧੰਦਾ ਚੋਪਟ ਕਰ ਦੇਣਾ ਹੈ। ਉਹ ਮਾਨਸਾ ਵਿੱਚ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਚੱਲ ਰਹੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਆਤਮਾ ਰਾਮ, ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਘੁੰਮਣ, ਪੰਜਾਬ ਕਿਸਾਨ ਯੂਨੀਅਨ ਦੇ ਸਵਰਨ ਸਿੰਘ ਬੋੜਾਵਾਲ, ਸਮਾਜ ਸੇਵਾ ਫਰੰਟ ਦੇ ਸੀਤਾ ਰਾਮ ਗੋਇਲ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All