ਭਾਜਪਾ ਵੱਲੋਂ ਮਜੀਠੀਆ ਦੀ ਗ੍ਰਿਫ਼ਤਾਰੀ ਤਾਨਾਸ਼ਾਹੀ ਕਰਾਰ
ਨਿੱਜੀ ਪੱਤਰ ਪ੍ਰੇਰਕ
ਮੋਗਾ, 25 ਜੂਨ
ਪੰਜਾਬ ਦੇ ਸਾਬਕਾ ਰਾਜ ਸੂਚਨਾ ਕਮਿਸਨਰ ਅਤੇ ਭਾਜਪਾ ਦੇ ਬੁਲਾਰੇ ਨਿਧੱੜਕ ਸਿੰਘ ਬਰਾੜ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਸੂਬਾ ਸਰਕਾਰ ਦੀ ਤਾਨਾਸ਼ਾਹੀ ਕਰਾਰ ਦਿੰਦੇ ਕਾਰਵਾਈ ਦੀ ਨਿਖ਼ੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਿਵੇਂ 50 ਸਾਲ ਪਹਿਲਾਂ ਅੱਜ ਦੇ ਹੀ ਦਿਨ ਬਿਨਾਂ ਕੈਬਨਿਟ ਦੀ ਮਨਜ਼ੂਰੀ ’ਤੇ ਐਮਰਜੈਂਸੀ ਲਾ ਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਰਕਾਰ ਦੀਆਂ ਨੀਤੀਆਂ ਉਲਟ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਅਤੇ ਆਪਣੀਆਂ ਮਨਮਾਨੀਆਂ ਕਰਨ ਲਈ ਵਿਰੋਧੀਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ। ਅੱਜ ਓਹੀ ਇਤਿਹਾਸ ਭਗਵੰਤ ਮਾਨ ਦੀ ਸਰਕਾਰ ਸਿਰਜ ਰਹੀ ਏ ਜਦਕਿ ਉਸਾਰੂ ਆਲੋਚਨਾ ਸਰਕਾਰਾਂ ਲਈ ਸ਼ੀਸ਼ਾ ਹੁੰਦਾ ਹੈ ਅਤੇ ਇਸ ਤੋਂ ਸਰਕਾਰਾਂ ਆਪਣੀਆਂ ਗ਼ਲਤੀਆਂ ਵਿੱਚ ਸੁਧਾਰ ਕਰਦੀਆਂ ਹਨ ਪਰ ਇਥੇ ਬਿਕਰਮ ਸਿੰਘ ਮਜੀਠੀਆ ਜੋ ਪੰਜਾਬ ਦੇ ਇੱਕ ਸਿਰਕੱਢ ਆਗੂ ਹਨ, ਜਿਹੜੇ ਸਰਕਾਰ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਅਕਸਰ ਬੇਬਾਕੀ ਨਾਲ ਬੋਲਦੇ ਹਨ ਅਤੇ ਸਰਕਾਰ ਨੂੰ ਲਗਾਤਾਰ ਹਲੂਣਾ ਦਿੰਦੇ ਰਹਿੰਦੇ ਹਨ, ਨੂੰ ਗ੍ਰਿਫ਼ਤਾਰ ਕਰਨਾ ਬਿਲਕੁੱਲ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰ ਲੋਕਾਂ ਦੀ ਆਵਾਜ਼ ਬਣਨ ਦਾ ਦਾਅਵਾ ਕਰਦੀ ਸੀ, ਉਹ ਹੁਣ ਇਕ ਤਾਨਾਸ਼ਾਹੀ ਹਥਿਆਰ ਬਣ ਗਈ ਹੈ, ਜੋ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਜਬਰ ਕਰ ਰਹੀ ਹੈ ਅਤੇ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਤਾਨਾਸ਼ਾਹੀ ਦਾ ਸਿਖ਼ਰ ਹੈ। ਉਨ੍ਹਾਂ ਕਿਹਾ ਕਿ ਲੋਕ ਸਮਾਂ ਆਉਣ ’ਤੇ ਇਸ ਅਣ-ਐਲਾਨੀ ਐਮਰਜੈਂਸੀ ਦਾ ਪੰਜਾਬ ਦੇ ਲੋਕ ਮੂੰਹ ਤੋੜਵਾਂ ਜਵਾਬ ਦੇਣਗੇ।