ਬਠਿੰਡਾ: ਭਗਵੰਤ ਮਾਨ ਨੇ ਐਡਵਾਂਸਡ ਕੈਂਸਰ ਇੰਸਟੀਚਿਊਟ ਦਾ ਦੌਰਾ ਕੀਤਾ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿੱਚ ਐਡਵਾਂਸਡ ਕੈਂਸਰ ਇੰਸਟੀਚਿਊਟ ਦਾ ਅਚਾਨਕ ਦੌਰਾ ਕੀਤਾ ਅਤੇ ਉਨ੍ਹਾਂ ਬੁਨਿਆਦੀ ਢਾਂਚੇ ਤੇ ਤਕਨਾਲੋਜੀ ਦੇ ਸੁਧਾਰ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਇਲਾਜ ਦੇ...
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿੱਚ ਐਡਵਾਂਸਡ ਕੈਂਸਰ ਇੰਸਟੀਚਿਊਟ ਦਾ ਅਚਾਨਕ ਦੌਰਾ ਕੀਤਾ ਅਤੇ ਉਨ੍ਹਾਂ ਬੁਨਿਆਦੀ ਢਾਂਚੇ ਤੇ ਤਕਨਾਲੋਜੀ ਦੇ ਸੁਧਾਰ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਇਲਾਜ ਦੇ ਮਿਆਰਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੰਸਥਾ ਨੂੰ ਵਿਸ਼ਵ ਪੱਧਰੀ ਸਿਹਤ ਸੰਭਾਲ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ ਵਿੱਚ ਰੋਬੋਟਿਕ ਸਰਜਰੀ ਸਮੇਤ ਉੱਨਤ ਸਹੂਲਤਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਸਟਾਫ ਦੀ ਭਰਤੀ ਲਈ ਕਦਮ ਚੁੱਕੇ ਜਾਣਗੇ, ਜਿਸ ਦਾ ਮੰਤਵ ਮਾਲਵਾ ਖੇਤਰ ਵਿੱਚ ਮਰੀਜ਼ਾਂ ਦੀ ਦੇਖਭਾਲ ਨੂੰ ਮਹੱਤਵਪੂਰਨ ਢੰਗ ਨਾਲ ਵਧਾਉਣਾ ਹੈ। ਹਸਪਤਾਲ ਦੇ ਅਚਾਨਕ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਸਥਾ ਦੇ ਕੰਮਕਾਜ ਦਾ ਜਾਇਜ਼ਾ ਲਿਆ ਅਤੇ ਜ਼ਮੀਨੀ ਹਕੀਕਤ ਦਾ ਮੁਲਾਂਕਣ ਕਰਨ ਅਤੇ ਤੁਰੰਤ ਧਿਆਨ ਦੇਣ ਦੀ ਲੋੜ ਵਾਲੇ ਖੇਤਰਾਂ ਦੀ ਪਛਾਣ ਕਰਨ ਲਈ ਮੁੱਖ ਭਾਈਵਾਲਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਸੰਸਥਾ ਨੂੰ ਮਜ਼ਬੂਤ ਕਰਨਾ ਹੈ ਨਾ ਕਿ ਕਮੀਆਂ ਲੱਭਣਾ।
ਮੁੱਖ ਮੰਤਰੀ ਨੇ ਪੁਸ਼ਟੀ ਕੀਤੀ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿੱਚ ਐਡਵਾਂਸਡ ਕੈਂਸਰ ਇੰਸਟੀਚਿਊਟ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਵੇਗਾ। ਇਹ ਹਸਪਤਾਲ ਪਹਿਲਾਂ ਹੀ ਮਾਲਵਾ ਖੇਤਰ ਦੇ ਮਰੀਜ਼ਾਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰ ਰਿਹਾ ਹੈ ਅਤੇ ਉਨ੍ਹਾਂ ਕੋਸ਼ਿਸ਼ ਹੈ ਕਿ ਇਸ ਨੂੰ ਪੰਜਾਬ ਭਰ ਵਿੱਚ ਮੋਹਰੀ ਸਿਹਤ ਸੰਭਾਲ ਕੇਂਦਰ ਵਜੋਂ ਹੋਰ ਮਜ਼ਬੂਤ ਕੀਤਾ ਜਾਵੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਸਪਤਾਲ ਇਸ ਸਮੇਂ ਸਟਾਫ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਤੇ ਸਟਾਫ ਦੀ ਭਰਤੀ ਲਈ ਜ਼ਰੂਰੀ ਕਦਮ ਚੁੱਕੇ ਜਾਣਗੇ। ਇਸ ਦੌਰਾਨ ਭਗਵੰਤ ਮਾਨ ਨੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਕਾਰਡ ਧਾਰਕ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਲਾਭਪਾਤਰੀ ਇਸ ਸਰਵੋਤਮ ਕੈਂਸਰ ਕੇਅਰ ਹਸਪਤਾਲ ਵਿੱਚ ਇਲਾਜ ਦੇ ਹੱਕਦਾਰ ਹਨ।
ਜੈਤੋ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਅੱਜ
ਜੈਤੋ (ਪੱਤਰ ਪ੍ਰੇਰਕ): ਮੁੱਖ ਮੰਤਰੀ ਭਗਵੰਤ ਮਾਨ ਦੀ ਭਲਕੇ 5 ਅਪਰੈਲ ਨੂੰ ਦਾਣਾ ਮੰਡੀ ਜੈਤੋ ਵਿੱਚ ਆਮਦ ਦੇ ਮੱਦੇਨਜ਼ਰ ਅੱਜ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਅਤੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਦੌਰਾਨ ‘ਆਪ’ ਦੀ ਰੈਲੀ ਨਾਲ ਸਬੰਧਤ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਲਕੇ ਸ਼ਹਿਰ ਅੰਦਰ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਉਪਰੰਤ ਦਾਣਾ ਮੰਡੀ ਵਿੱਚ ਵੱਡੇ ਇੱਕਠ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਜੈਤੋ ਦੇ ਲੱਖਾਂ ਲੋਕਾਂ ਦੀਆਂ ਚਿਰਕੋਣੀਆਂ ਆਸਾਂ ਨੂੰ ਭਲਕੇ ਬੂਰ ਪੈਣ ਜਾ ਰਿਹਾ ਹੈ। ਹੁਣ ਬਿਮਾਰਾਂ ਨੂੰ ਆਪਣੇ ਇਲਾਜ ਲਈ ਮੀਲਾਂ ਦੂਰ ਹੋਰਨਾਂ ਸ਼ਹਿਰ ਵਿੱਚ ਨਹੀਂ ਜਾਣਾ ਪਵੇਗਾ। ਖੇਡ ਪ੍ਰੇਮੀਆਂ ਲਈ ਖ਼ੁਸ਼ਖ਼ਬਰ ਇਹ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਮੱਕੇ (ਸਟੇਡੀਅਮ) ਦਾ ਮੂੰਹ ਮੱਥਾ ਸੰਵਾਰ ਕੇ ਆਧੁਨਿਕ ਸਹੂਲਤਾਂ ਨਾਲ ਲੈਸ ਕਰੇਗੀ। ਅਜਿਹੇ ਹੀ ਕਈ ਹੋਰ ਅਹਿਮ ਪ੍ਰਾਜੈਕਟਾਂ ਸਬੰਧੀ ਮੁੱਖ ਮੰਤਰੀ ਨੀਂਹ ਪੱਥਰ ਰੱਖਣਗੇ। ਇਸ ਜਾਣਕਾਰੀ ਦੀ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਭਲਕੇ 5 ਅਪਰੈਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਦਾਣਾ ਮੰਡੀ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ, ਉੱਥੇ ਹੀ ਇਲਾਕੇ ਦੇ ਵਿਕਾਸ ਲਈ 30.68 ਕਰੋੜ ਦੀਆਂ ਕਈ ਸੌਗਾਤਾਂ ਵੀ ਦੇਣਗੇ। ਮੁੱਖ ਮੰਤਰੀ ‘ਸੇਠ ਰਾਮ ਨਾਥ ਕਮਿਊਨਟੀ ਹੈਲਥ ਸੈਂਟਰ ਜੈਤੋ’ ਨੂੰ ਅੱਪਗਰੇਡ ਕਰਕੇ ‘ਸਿਵਲ ਹਪਸਤਾਲ’ ਦਾ ਦਰਜਾ ਦੇਣ ਦੇਣਗੇ।

