ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ਦਾ ਸੱਦਾ

ਪਿੰਡ ਰਣਸੀਂਹ ਕਲਾਂ ਵਿੱਚ ਹੋਏ ਗ੍ਰਾਮ ਸਭਾ ਇਜਲਾਸ ਵਿੱਚ ਕੀਤੀ ਸ਼ਮੂਲੀਅਤ; ਕਾਂਗਰਸ ਤੇ ਅਕਾਲੀਆਂ ਨੂੰ ਲਾਏ ਰਗੜੇ

ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ਦਾ ਸੱਦਾ

ਪਿੰਡ ਰਣਸੀਂਹ ਕਲਾਂ ਵਿੱਚ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਭਗਵੰਤ ਮਾਨ।

ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 28 ਅਕਤੂਬਰ
ਰਾਸ਼ਟਰੀ ਪੁਰਸਕਾਰ ਜੇਤੂ ਪਿੰਡ ਰਣਸੀਂਹ ਕਲਾਂ ਦੀ ਸੱਥ ਵਿੱਚ ਬਲਦਾਂ ਦੀ ਜੋੜੀ ਤੇ ਕਿਸਾਨ ਦੇ ਬੁੱਤ ਨੇੜੇ ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਖਿਲਾਫ਼ ਮਤਾ ਪਾਸ ਕਰਨ ਲਈ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ। ਸੰਸਦ ਮੈਂਬਰ ਭਗਵੰਤ ਮਾਨ ਨੇ ਇਜਲਾਸ ਨੂੰ ਸੰਬੋਧਨ ਕਰਦਿਆਂ ਬਾਦਲਾਂ, ਕੈਪਟਨ ਤੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਸਮੂਹ ਪੰਜਾਬੀਆਂ ਨੂੰ ਕਿਸਾਨ ਘੋਲ ਦੀ ਹਮਾਇਤ ਕਰਨ ਲਈ ਆਖਿਆ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਸਿਰਫ਼ ਕਿਸਾਨ ਵਿਰੋਧੀ ਹੀ ਨਹੀਂ, ਲੋਕ ਵਿਰੋਧੀ ਵੀ ਹਨ ਜੋ ਸਮਾਜ ਦੇ ਹਰ ਵਰਗ ਦਾ ਕਚੂੰਮਰ ਕੱਢ ਦੇਣਗੇ। ਉਨ੍ਹਾਂ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਵੀ 25 ਸਤੰਬਰ ਨੂੰ ਭਵਾਨੀਗੜ੍ਹ ਧਰਨੇ ’ਤੇ ਬੈਠੇ ਸਨ। ਜਿਹੜੇ ਲੋਕ ਪੰਜਾਬ ਦਾ ਪਾਣੀ ਪੀਂਦੇ ਹਨ, ਅਨਾਜ ਖਾਂਦੇ ਹਨ ਉਹ ਕਿਸਾਨ ਸੰਘਰਸ਼ ਦੀ ਡਟ ਕੇ ਹਮਾਇਤ ਕਰਨ ਅਤੇ ਸੰਜਮ ਵਿੱਚ ਰਹਿ ਕੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ। ਊਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਿਸਾਨੇ ਦੇ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ। ਮਾਨ ਨੇ ਕਿਹਾ ਕਿ ਰਾਸ਼ਟਰੀ ਪੁਰਸਕਾਰ ਜਿੱਤ ਚੁੱਕੇ ਸੂਝਵਾਨ ਲੋਕਾਂ ਦੇ ਪਿੰਡ ਨੇ ਗ੍ਰਾਮ ਸਭਾ ਰਾਹੀਂ ਕਾਲੇ ਕਾਨੂੰਨਾਂ ਖਿਲਾਫ਼ ਮਤਾ ਪਾ ਕੇ ਪਹਿਲਕਦਮੀਂ ਕੀਤੀ ਹੈ। ਇਸੇ ਤਰ੍ਹਾਂ ਸਾਰੇ ਪਿੰਡ ਮਤੇ ਪਾ ਕੇ ਆਪਣਾ ਵਿਰੋਧ ਸਰਕਾਰ ਨੂੰ ਭੇਜਣ।

ਉਨ੍ਹਾਂ ਕਾਂਗਰਸ ਤੇ ਅਕਾਲੀਆਂ ’ਤੇ ਵਰ੍ਹਦਿਆਂ ਕਿਹਾ ਕਿ ਲੋਕ ਚੱਕੀ ਦੇ ਪੁੜਾਂ ਵਿੱਚ ਪਿਸ ਰਹੇ ਹਨ। ਅਕਾਲੀ ਹੇਠਲਾ ਪੁੜ ਹਨ ਤੇ ਕਾਂਗਰਸ ਉਪਰਲਾ। ਹੁਣ ਇਸ ਚੱਕੀ ਨੂੰ ਮੂਧਾ ਮਾਰਨ ਦਾ ਮਹੌਲ ਬਣ ਰਿਹਾ ਹੈ। ਉਨ੍ਹਾਂ ਦਿੱਲੀ ਸਰਕਾਰ ਵੱਲੋਂ ਸਕੂਲਾਂ ਦੀ ਬਦਲੀ ਕਾਇਆਕਲਪ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਥੋਂ ਦੇ ਲੋਕ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲਾਂ ਵਿਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਪਾ ਰਹੇ ਹਨ।

ਹੋਰਨਾਂ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਸਾਧੂ ਸਿੰਘ, ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸਰਪੰਚ ਪ੍ਰੀਤ ਇੰਦਰਪਾਲ ਸਿੰਘ, ਜ਼ਿਲ੍ਹਾ ਆਗੂ ਨਵਦੀਪ ਸੰਘਾ, ਗੁਰਵਿੰਦਰ ਡਾਲਾ, ਐਡਵੋਕੇਟ ਨਸੀਬ ਬਾਵਾ, ਇਕੱਤਰ ਸਿੰਘ ਮਾਣੁੰਕੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਕਿਸਾਨ ਆਗੂਆਂ ਨੇ ਮਾਨ ਨੂੰ ਘੇਰਿਆ

ਇਜਲਾਸ ਦੇ ਅਖੀਰ ਵਿੱਚ ਭਾਰਤੀ ਕਿਸਾਨ ਯੂਨੀਅਨ ਵੱਲੋਂ ਡਾ. ਰਾਜਵੀਰ ਰੌਂਤਾ, ਬਲਜੀਤ ਗਰੇਵਾਲ, ਐਡਵੋਕੇਟ ਕੁਲਦੀਪ ਸਿੰਘ ਤੇ ਮਹਿੰਦਰ ਕੌਰ ਪੱਤੋ ਨੇ ਭਗਵੰਤ ਮਾਨ ਨੂੰ ਘੇਰ ਲਿਆ। ਉਨ੍ਹਾਂ ‘ਆਪ’ ਆਗੂ ਤੋਂ ਰਣਸੀਂਹ ਤੋਂ ਦੋ ਕਿਲੋਮੀਟਰ ਦੂਰ ਲੱਗੇ ਰਿਲਾਇੰਸ ਧਰਨੇ ਵਿੱਚ ਨਾ ਪੁੱਜਣ ਬਾਰੇ ਇਕ ਤੋਂ ਬਾਅਦ ਇਕ ਕਈ ਸਵਾਲ ਕੀਤੇ। ਉਨ੍ਹਾਂ ਇਸ ਮੌਕੇ ਆਮ ਆਦਮੀ ਪਾਰਟੀ ਨੂੰ ਵੀ ਅਕਾਲੀ ਤੇ ਕਾਂਗਰਸ ਵਾਂਗ ਇਕੋ ਤੱਕੜੀ ਦੇ ਚੱਟੇ ਵੱਟੇ ਦੱਸਦਿਆਂ ਨਾਅਰੇਬਾਜ਼ੀ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All