ਨਵਕਿਰਨ ਸਿੰਘ
ਮਹਿਲ ਕਲਾਂ, 10 ਅਪਰੈਲ
ਇੱਥੇ ਅੱਜ ਮਹਿਲ ਕਲਾਂ ਦੇ ਸਮੂਹ ਦੁਕਾਨਦਾਰਾਂ ਵੱਲੋਂ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਚੱਕਾ ਜਾਮ ਕਰਕੇ ਪੁਲੀਸ ਵੱਲੋਂ ਚਲਾਨ ਕੱਟਣ ਲਈ ਲਗਾਏ ਜਾਂਦੇ ‘ਨਾਕੇ’ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਪੁਲੀਸ ਆਪਣਾ ਨਾਕਾ ਦੁਕਾਨਾਂ ਤੋਂ ਦੂਰ ਲਗਾਏ। ਜ਼ਿਕਰਯੋਗ ਹੈ ਕਿ ਪੁਲੀਸ ਥਾਣਾ ਮਹਿਲ ਕਲਾਂ ਵੱਲੋਂ ਲੋਕਾਂ ਦੇ ਚਲਾਨ ਕੱਟਣ ਲਈ ਮੁੱਖ ਮਾਰਗ ’ਤੇ ਬੱਸ ਅੱਡੇ ਕੋਲ ‘ਨਾਕਾ’ ਲਗਾ ਲਿਆ ਜਾਂਦਾ ਹੈ ਜਿਸ ਕਾਰਨ ਸਕੂਟਰਾਂ, ਮੋਟਰਸਾਈਕਲਾਂ ਰਾਹੀਂ ਸਾਮਾਨ ਖਰੀਦਣ ਆਉਣ ਵਾਲੇ ਗਾਹਕ ਨਾਕੇ ਤੋਂ ਡਰਦੇ ਅੱਗੇ ਨਹੀਂ ਜਾਂਦੇ, ਜਿਸ ਸਦਕਾ ਦੁਕਾਨਦਾਰਾਂ ਨੂੰ ਘਾਟਾ ਸਹਿਣਾ ਪੈ ਰਿਹਾ ਹੈ। ਦੁਕਾਨਦਾਰ ਯੂਨੀਅਨ ਕਸਬਾ ਮਹਿਲ ਕਲਾਂ ਦੀ ਅਗਵਾਈ ਹੇਠ ਲੱਗੇ ਧਰਨੇ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨ ਸਰਾਂ ਕੁਰੜ, ਕਰਮਜੀਤ ਸਿੰਘ ਉੱਪਲ, ਹਰਦੀਪ ਸਿੰਘ ਬੀਹਲਾ, ਗੁਰਚਰਨ ਸਿੰਘ ਚੁਹਾਣਕੇ, ਬਲਜੀਤ ਸਿੰਘ, ਜਗਦੀਸ਼ ਸਿੰਘ, ਪ੍ਰੇਮ ਕੁਮਾਰ ਪਾਸੀ ਨੇ ਮੰਗ ਕੀਤੀ ਕਿ ਪੁਲੀਸ ਬੱਸ ਸਟੈਂਡ ਉੱਪਰ ਨਾਕਾ ਲਗਾ ਕੇ ਚਲਾਨ ਕੱਟਣੇ ਬੰਦ ਕਰੇ ਅਤੇ ਨਾਕਾ ਕਿਸੇ ਹੋਰ ਢੁੱਕਵੀਂ ਜਗ੍ਹਾ ’ਤੇ ਲਗਾਏ। ਥਾਣਾ ਮਹਿਲ ਕਲਾਂ ਦੇ ਮੁਖੀ ਅਮਰੀਕ ਸਿੰਘ ਵੱਲੋਂ ਧਰਨੇ ਵਿੱਚ ਪੁੱਜ ਕੇ ਦੁਕਾਨਦਾਰਾਂ ਨੂੰ ਮਸਲਾ ਹੱਲ ਕਰਨ ਦੇ ਦਿੱਤੇ ਭਰੋਸੇ ਮਗਰੋਂ ਦੁਕਾਨਦਾਰਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਈਨਾ,ਬਲਜੀਤ ਸਿੰਘ ਸੋਡਾ ਹਾਜ਼ਰ ਸਨ।