ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਿਸਾਨ ਦੀ ਜ਼ਮੀਨ ’ਤੇ ਕਬਜ਼ਾ ਲੈਣ ਆਏ ਬੀਡੀਪੀਓ ਨੂੰ ਬੇਰੰਗ ਮੋੜਿਆ

ਕੁੱਲ ਹਿੰਦ ਕਿਸਾਨ ਸਭਾ ਨੇ ਅਦਾਲਤੀ ਹੁਕਮ ਤੋਂ ਬਿਨਾਂ ਕੀਤੀ ਜਾ ਰਹੀ ਕਾਰਵਾਈ ਦਾ ਕੀਤਾ ਵਿਰੋਧ
Advertisement

ਪਰਮਜੀਤ ਸਿੰਘ

ਫਾਜ਼ਿਲਕਾ, 18 ਜੂਨ

Advertisement

ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਡੰਡੀ ਕਦੀਮ ਵਿੱਚ ਅਦਾਲਤੀ ਹੁਕਮਾਂ ਤੋਂ ਬਗੈਰ ਅਤੇ ਬਿਨਾਂ ਗਿਰਦਾਵਰੀ ਦੇ ਕਬਜ਼ਾ ਲੈਣ ਗਏ ਬੀਡੀਪੀਓ ਜਲਾਲਾਬਾਦ ਰਾਜਾ ਸਿੰਘ ਨੂੰ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ।

ਮੌਕੇ ’ਤੇ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਮੌਜੂਦ ਆਗੂਆਂ ਨੇ ਲਿਖਤੀ ਅਦਾਲਤੀ ਹੁਕਮ ਜਾਂ ਜ਼ਮੀਨ ਦੀ ਗਿਰਦਾਵਰੀ ਦੇ ਕਾਗਜ਼ ਦਿਖਾਉਣ ਦੀ ਮੰਗ ਕੀਤੀ ਪਰ ਬੀਡੀਪੀਓ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।

ਮੌਕੇ ’ਤੇ ਮੌਜੂਦ ਆਗੂਆਂ ਅਤੇ ਹੋਰਾਂ ਨੇ ਜਦੋਂ ਬੀਡੀਪੀਓ ਦੀ ਗੱਡੀ ਘੇਰ ਕੇ ਸਵਾਲ ਕੀਤੇ ਤਾਂ ਇਹ ਕਹਿ ਕੇ ਉੱਥੋਂ ਚਲੇ ਗਏ ਕਿ ਉਹ ਦਫ਼ਤਰ ਜਾ ਕੇ ਗਲਤ ਜਾਣਕਾਰੀ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਣਗੇ।

ਕੁੱਲ ਹਿੰਦ ਕਿਸਾਨ ਸਭਾ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਧਰਮੂ ਵਾਲਾ ਅਤੇ ਨੌਜਵਾਨ ਆਗੂ ਨਰਿੰਦਰ ਢਾਬਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਢੰਡੀ ਕਦੀਮ ਦੇ ਕਿਸਾਨ ਸ਼ਰਮਾ ਸਿੰਘ ਨੇ ਵੀਹ ਸਾਲ ਪਹਿਲਾਂ ਇਹ ਜ਼ਮੀਨ ਸੁੱਚਾ ਸਿੰਘ ਤੋਂ ਖਰੀਦੀ ਸੀ ਅਤੇ ਉਦੋਂ ਤੋਂ ਉਹ ਇਸ ਜ਼ਮੀਨ ’ਤ ਖੇਤੀ ਕਰਦਾ ਆ ਰਿਹਾ ਹੈ ਅਤੇ ਅੱਜ ਪ੍ਰਸ਼ਾਸਨ ਨੇ ਬਿਨਾਂ ਕੋਈ ਨੋਟਿਸ ਭੇਜੇ ਉਸ ਦੀ ਜ਼ਮੀਨ ਦਾ ਪੰਚਾਇਤ ਨੂੰ ਕਬਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ।

ਆਗੂਆਂ ਨੇ ਕਿਹਾ ਇਸ ਜ਼ਮੀਨ ’ਤੇ ਕਿਸਾਨ ਨੇ ਝੋਨਾ ਲਾਇਆ ਹੈ ਅਤੇ ਸਿਆਸੀ ਸ਼ਹਿ ’ਤੇ ਬਿਨਾਂ ਕੋਈ ਨਿਸ਼ਾਨਦੇਹੀ ਕਰਵਾਏ ਅਤੇ ਮਾਲ ਮਹਿਕਮੇ ਦੀ ਆਗਿਆ ਤੋਂ ਬਗੈਰ ਬੀਡੀਪੀਓ ਜਲਾਲਾਬਾਦ ਵੱਲੋਂ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਲਿਆ ਕੇ ਨਾਜਾਇਜ਼ ਢੰਗ ਨਾਲ ਪੰਚਾਇਤ ਨੂੰ ਕਬਜ਼ਾ ਦਿਵਾਉਣ ਦੀ ਕੀਤੀ ਗਈ ਕੋਸ਼ਿਸ਼ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ‌। ਆਗੂਆਂ ਨੇ ਇਸ ਸਬੰਧੀ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।

ਡੀਸੀ ਦੇ ਹੁਕਮਾਂ ’ਤੇ ਕਬਜ਼ਾ ਦਿਵਾਉਣ ਆਏ: ਬੀਡੀਪੀਓ

ਬੀਡੀਪੀਓ ਜਲਾਲਾਬਾਦ ਰਾਜਾ ਸਿੰਘ ਨੇ ਇਸ ਸਬੰਧੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਕੋਈ ਅਦਾਲਤੀ ਹੁਕਮ ਨਹੀਂ ਹੈ ਪਰ ਪੰਚਾਇਤ ਵੱਲੋਂ ਡੀਸੀ ਨੂੰ ਦਿੱਤੀ ਦਰਖ਼ਾਸਤ ਦੇ ਆਧਾਰ ’ਤੇ ਉਨ੍ਹਾਂ ਨੂੰ ਬਤੌਰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕਰਕੇ ਭੇਜਿਆ ਗਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਉਹ ਜਿਸ ਜ਼ਮੀਨ ਦਾ ਕਬਜ਼ਾ ਲੈਣ ਆਏ ਸੀ, ਉਨ੍ਹਾਂ ਕੋਲ ਉਸ ਦੇ ਗਿਰਦਾਵਰੀ ਦੇ ਕਾਗਜ਼ਾਤ ਨਹੀਂ ਸਨ ਪਰ ਉਹ ਡੀਸੀ ਦੇ ਹੁਕਮਾਂ ’ਤੇ ਪੰਚਾਇਤ ਨੂੰ ਕਬਜ਼ਾ ਪੰਚਾਇਤ ਦਿਵਾਉਣ ਆਏ ਸਨ।

ਇਸ ਸਬੰਧੀ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਸਿੰਘ ਸੰਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਕਾਲ ਅਟੈਂਡ ਨਹੀਂ ਕੀਤੀ।

Advertisement