bathinda news: ਭੈਣਾਂ ਨੇ ਜੇਲ੍ਹ ’ਚ ਬੰਦ ਭਰਾਵਾਂ ਦੇ ਰੱਖੜੀ ਬੰਨ੍ਹੀ
ਸਵੇਰੇ ਆਮ ਕੈਦੀਆਂ ਦੀਆਂ ਭੈਣਾਂ ਪੁੱਜੀਆਂ, ਬਾਅਦ ਦੁਪਹਿਰ ਨਾਮੀ ਗੈਂਗਸਟਰਾਂ ਦੀਆਂ ਭੈਣਾਂ ਨੇ ਕੀਤੀ ਮੁਲਾਕਾਤ
ਰੱਖੜੀ ਦੇ ਤਿਉਹਾਰ ਮੌਕੇ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਭੈਣ-ਭਰਾ ਦੇ ਪਿਆਰ ਦੇ ਨਾਲ-ਨਾਲ ਵਿਛੋੜੇ ਤੇ ਦਰਦ ਦਾ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਸਵੇਰੇ 8 ਵਜੇ ਤੋਂ ਆਮ ਕੈਦੀਆਂ ਦੀਆਂ ਭੈਣਾਂ ਨੇ ਜੇਲ੍ਹ ਪਹੁੰਚ ਕੇ ਆਪਣੇ ਵੀਰਾਂ ਨਾਲ ਮੁਲਾਕਾਤ ਕੀਤੀ, ਜਦਕਿ ਬਾਅਦ ਦੁਪਹਿਰ 2 ਵਜੇ ਤੋਂ ਬਾਅਦ ਨਾਮੀ ਗੈਂਗਸਟਰਾਂ ਸਮੇਤ ਹੋਰ ਕੈਦੀਆਂ ਦੀਆਂ ਭੈਣਾਂ ਨੇ ਆਪਣੇ ਵੀਰਾਂ ਨਾਲ ਮੁਲਾਕਾਤ ਕਰ ਕੇ ਰੱਖੜੀ ਬੰਨ੍ਹੀ। ਕੇਂਦਰੀ ਜੇਲ੍ਹ ਵਿਚ ਆਮ ਕੈਦੀਆਂ ਵਿਚ ਇੱਕ ਹਜ਼ਾਰ ਦੇ ਕਰੀਬ ਕੈਦੀਆਂ ਜਿਨ੍ਹਾਂ ਵਿਚ 270 ਦੇ ਕਰੀਬ ਏ ਅਤੇ ਬੀ ਕੈਟਾਗਰੀਜ਼ ਨਾਲ ਸਬੰਧਤ ਗੈਂਗਸਟਰ ਹਨ, ਨੂੰ ਉਨ੍ਹਾਂ ਦੀਆਂ ਭੈਣਾਂ ਵੱਲੋਂ ਰੱਖੜੀ ਬੰਨੀ ਗਈ।
ਰੱਖੜੀ ਦੇ ਤਿਉਹਾਰ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀ ਸਹੂਲਤ ਲਈ ਜੇਲ੍ਹ ਪ੍ਰਸ਼ਾਸਨ ਵੱਲੋਂ ਰੱਖੜੀਆਂ ਅਤੇ ਲੈਚੀਆਂ ਤੇ ਮਿਸ਼ਰੀ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਜੇਲ੍ਹ ਪ੍ਰਸ਼ਾਸਨ ਵੱਲੋਂ ਮਠਿਆਈ ਦਾ ਸਟਾਲ ਵੀ ਲਗਾਇਆ ਗਿਆ, ਤਾਂ ਜੋ ਪਰਿਵਾਰਕ ਮੈਂਬਰਾਂ ਨੂੰ ਰੱਖੜੀ ਦੇ ਤਿਉਹਾਰ ਮੌਕੇ ਲੋੜੀਂਦੀ ਸਹੂਲਤ ਮਿਲ ਸਕੇ।
ਇਸ ਦੌਰਾਨ ਜੇਲ੍ਹ ਸੁਪਰਡੈਂਟ ਹਿੰਮਤ ਸ਼ਰਮਾ ਅਤੇ ਡਿਪਟੀ ਜੇਲ੍ਹ ਸੁਪਰਡੈਂਟ ਰਾਜਾ ਨਵਦੀਪ ਸਿੰਘ ਨੇ ਦੱਸਿਆ ਕਿ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਕਰੀਬ 270 ਦੇ ਕਰੀਬ ਖ਼ਾਸ ਕੈਟਾਗਿਰੀ ਨਾਲ ਸੰਬੰਧਤ ਜੇਲ੍ਹ ਬੰਦ ਕੈਦੀਆਂ ਦੇ ਗੁੱਟਾਂ ’ਤੇ ਉਨ੍ਹਾਂ ਦੀਆਂ ਭੈਣਾਂ ਵੱਲੋਂ ਰੱਖੜੀ ਬੰਨ੍ਹੀ ਗਈ। ਮੁਲਾਕਾਤ ਦੌਰਾਨ ਕਈ ਭੈਣਾਂ ਨੇ ਆਪਣੇ ਵੀਰਾਂ ਦੀ ਲੰਮੀ ਉਮਰ, ਚੜ੍ਹਦੀ ਕਲਾ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

