bathinda news: ਮੁੱਖ ਮੰਤਰੀ ਦੇ ਸਮਾਗਮ ਵੱਲ ਵਧਦੇ ਮੁਲਾਜ਼ਮ ਰੋਕੇ
ਪੁਲੀਸ ਵੱਲੋਂ ਰੋਕਣ ’ਤੇ ਹਨੂੰਮਾਨ ਚੌਕ ’ਚ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇੱਥੇ ਖੇਡ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਦਾ ਆਗਾਜ਼ ਕਰਨ ਆਏ। ਇਸ ਦੌਰਾਨ ਆਪਣੀਆਂ ਮੰਗਾਂ ਸਬੰਧੀ ਕਰਮਚਾਰੀਆਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਕਾਲੇ ਝੰਡੇ ਲੈ ਕੇ ਸਟੇਡੀਅਮ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲੀਸ ਵੱਲੋਂ ਕੀਤੀ ਸਖ਼ਤ ਬੈਰੀਕੇਡਿੰਗ ਕਾਰਨ ਉਹ ਸਟੇਡੀਅਮ ਤੱਕ ਨਹੀਂ ਪਹੁੰਚ ਸਕੇ।
ਪ੍ਰਦਰਸ਼ਨਕਾਰੀ ਮੁਲਾਜ਼ਮ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਲਾਏ ਪੱਕੇ ਮੋਰਚੇ ’ਤੇ ਇਕੱਠੇ ਹੋਏ ਅਤੇ ਉੱਥੋਂ ਸਟੇਡੀਅਮ ਵੱਲ ਵਧੇ। ਜਦੋਂ ਉਹ ਬੱਸ ਸਟੈਂਡ ਚੌਕ ਤੇ ਪਾਵਰ ਹਾਊਸ ਰੋਡ ਵਾਲੀ ਤਿਕੋਣੀ ’ਤੇ ਪਹੁੰਚੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਾਜ਼ਮ ਰਫ਼ਤਾ-ਰਫ਼ਤਾ ਫੌਜੀ ਚੌਕ ਤੱਕ ਪਹੁੰਚ ਗਏ, ਜਿੱਥੇ ਪੁਲੀਸ ਨੇ ਮੁੜ ਰਸਤਾ ਰੋਕਣ ਲਈ ਬੈਰੀਕੇਡ ਲਾ ਦਿੱਤੇ। ਇਸ ਮਗਰੋਂ ਜਦੋਂ ਪ੍ਰਦਰਸ਼ਨਕਾਰੀ ਹਨੂੰਮਾਨ ਚੌਕ ਤੱਕ ਪਹੁੰਚੇ ਤਾਂ ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਧੱਕਾ-ਮੁੱਕੀ ਹੋ ਗਈ। ਪੁਲੀਸ ਨੇ ਸਖ਼ਤੀ ਵਰਤਦਿਆਂ ਪ੍ਰਦਰਸ਼ਨਕਾਰੀਆਂ ਨੂੰ ਸਟੇਡੀਅਮ ਵੱਲ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਹਨੂੰਮਾਨ ਚੌਕ ਵਿੱਚ ਹੀ ਧਰਨਾ ਲਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪ੍ਰਦਰਸ਼ਨਕਾਰੀਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱਤੇ ਦੇ ਬਕਾਏ ਜਾਰੀ ਕਰਨ, ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਦੀ ਮੰਗ ਕੀਤੀ ਜਾ ਰਹੀ ਸੀ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਰਵੱਈਏ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਭਵਿੱਖ ’ਚ ਵੀ ਮੁੱਖ ਮੰਤਰੀ ਜਿੱਥੇ ਪਹੁੰਚਣਗੇ, ਉੱਥੇ ਹੀ ਉਹ ਰੋਸ ਮੁਜ਼ਾਹਰੇ ਕਰਨਗੇ।

