Bathinda news: ਨਾਟਿਅਮ ਦਾ 15ਵਾਂ ਕੌਮੀ ਥੀਏਟਰ ਮੇਲਾ ਸ਼ੁਰੂ
ਪਹਿਲੀ ਰਾਤ ‘12 ਐਂਗਰੀ ਮੈਨ’ ਨਾਟਕ ਖੇਡਿਆ ਮੰਚਨ; ਦਿਨ ਭਰ ਟਾਕ ਸ਼ੋਅ, ਆਰਟ ਵਰਕਸ਼ਾਪ ਤੇ ਹੋਰ ਪ੍ਰੋਗਰਾਮ
ਨਾਟਿਅਮ ਦਾ 15 ਰੋਜ਼ਾ 15ਵਾਂ ਕੌਮੀ ਥੀਏਟਰ ਫੈਸਟੀਵਲ ਅੱਜ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਸ਼ੁਰੂ ਹੋ ਗਿਆ। ਫੈਸਟੀਵਲ ਦੀ ਸ਼ੁਰੂਆਤ ਕੌਮੀ ਬੁੱਕ ਟਰੱਸਟ ਸਮੇਤ ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਲਾਈ ਪੁਸਤਕ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਹੋਈ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਕਵੀ ਡਾ. ਜਸਵੰਤ ਸਿੰਘ ਜ਼ਫ਼ਰ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਦਿਨ ਭਰ ਚੱਲੀਆਂ ਸਾਹਿਤਕ ਤੇ ਰੰਗਮੰਚੀ ਗਤੀਵਿਧੀਆਂ ਮਗਰੋਂ ਰਾਤ ਨੂੰ ਜੈਪੁਰ ਦੀ ਫੋਰਥ ਵਾਲ ਡਰਾਮੈਟਿਕ ਸੁਸਾਇਟੀ ਵੱਲੋਂ ਅਮਰੀਕੀ ਨਾਟਕਕਾਰ ਰੇਜਿਨਾਲਡ ਰੋਜ਼ ਦਾ ਲਿਖਿਆ, ਸੀਨੀਅਰ ਰੰਗਕਰਮੀ ਰਣਜੀਤ ਕਪੂਰ ਵੱਲੋਂ ਰੂਪਾਂਤਰਿਤ ਅਤੇ ਵਿਸ਼ਾਲ ਵਿਜੈ ਵੱਲੋਂ ਨਿਰਦੇਸ਼ਿਤ ਨਾਟਕ ‘12 ਐਂਗਰੀ ਮੈਨ’ ਪੇਸ਼ ਕੀਤਾ ਗਿਆ। ਨਾਟਕ ਦੀ ਸ਼ੁਰੂਆਤ ਡਾ. ਜਸਵੰਤ ਸਿੰਘ ਜ਼ਫ਼ਰ ਅਤੇ ਹੋਰ ਪਤਵੰਤਿਆਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ।
ਨਾਟਕ ਦਾ ਆਧਾਰ ਇੱਕ ਕਤਲ ਦੇ ਮਾਮਲੇ ਵਿੱਚ 12 ਮੈਂਬਰੀ ਜਿਊਰੀ ਵੱਲੋਂ ਮੁਲਜ਼ਮ ਨੂੰ ਦੋਸ਼ੀ ਜਾਂ ਬੇਕਸੂਰ ਕਰਾਰ ਦੇਣ ਲਈ ਕੀਤੇ ਜਾਂਦੇ ਵਿਚਾਰ-ਵਟਾਂਦਰੇ ਨੂੰ ਬਣਾਇਆ ਗਿਆ। ਜਿਊਰੀ ਮੈਂਬਰਾਂ ਵਿਚਾਲੇ ਬਹਿਸ ਦੌਰਾਨ ਨਿੱਜੀ ਪੱਖਪਾਤ, ਹਉਮੈ ਅਤੇ ਵੱਖ-ਵੱਖ ਵਿਚਾਰਾਂ ਦੇ ਪੱਖ ਸਾਹਮਣੇ ਆਉਂਦੇ ਹਨ। ਬਿਨਾਂ ਅੰਤਰਾਲ ਦੇ ਪੇਸ਼ ਕੀਤੇ ਗਏ ਨਾਟਕ ਵਿੱਚ 12 ਕਲਾਕਾਰਾਂ ਨੇ ਮਜ਼ਬੂਤ ਅਦਾਕਾਰੀ ਅਤੇ ਪ੍ਰਭਾਵਸ਼ਾਲੀ ਸੰਵਾਦ ਨਾਲ ਦਰਸ਼ਕਾਂ ਦੀ ਦਿਲਚਸਪੀ ਅੰਤ ਤੱਕ ਬਣਾਈ ਰੱਖੀ।
ਨਾਟਕ ਤੋਂ ਪਹਿਲਾਂ ਡਾ. ਜਸਵੰਤ ਸਿੰਘ ਜ਼ਫ਼ਰ ਨਾਲ ਟਾਕ ਸ਼ੋਅ ਕਰਵਾਇਆ ਗਿਆ, ਜਿਸ ਵਿੱਚ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਉਨ੍ਹਾਂ ਦੇ ਜੀਵਨ ਅਤੇ ਰਚਨਾ ਸੰਸਾਰ ਨਾਲ ਸਬੰਧਤ ਸਵਾਲ ਪੁੱਛੇ। ਡਾ. ਜ਼ਫ਼ਰ ਨੇ ਵਿਦਿਆਰਥਣਾਂ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਆਰਟ ਵਰਕਸ਼ਾਪ ਵਿੱਚ ਐੱਮ ਆਰ ਐੱਸ ਪੀ ਟੀ ਯੂ ਦੇ ਫਾਈਨ ਆਰਟਸ ਅਧਿਆਪਕ ਸੁਖਦਰਸ਼ਨ ਸਿੰਘ ਸੋਹਲ ਨੇ ਵਿਦਿਆਰਥੀਆਂ ਨੂੰ ਪੇਂਟਿੰਗ, ਫੇਸ ਪੇਂਟਿੰਗ, ਟੈਟੂ ਤੇ ਪੋਸਟਰ ਮੇਕਿੰਗ ਬਾਰੇ ਜਾਣਕਾਰੀ ਦਿੱਤੀ। ‘ਮੀਟ ਦਾ ਡਾਇਰੈਕਟਰ’ ਪ੍ਰੋਗਰਾਮ ਵਿੱਚ ਵਿਸ਼ਾਲ ਵਿਜੈ ਨੇ ਰੰਗਮੰਚ ਅਤੇ ਨਿਰਦੇਸ਼ਨ ਨਾਲ ਜੁੜੇ ਪੱਖਾਂ ਬਾਰੇ ਕਲਾ ਪ੍ਰੇਮੀਆਂ ਨਾਲ ਸੰਵਾਦ ਕੀਤਾ। ਇਸ ਮੌਕੇ ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਡਾਇਰੈਕਟਰ ਕੀਰਤੀ ਕ੍ਰਿਪਾਲ, ਸਰਪ੍ਰਸਤ ਸੁਦਰਸ਼ਨ ਗੁਪਤਾ ਅਤੇ ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਵੀ ਹਾਜ਼ਰ ਰਹੇ।

