ਬਠਿੰਡਾ: ਕਿਸਾਨਾਂ ਵੱਲੋਂ ਜ਼ਮੀਨ ਦੇਣ ਤੋਂ ਨਾਂਹ
ਬਠਿੰਡਾ, 16 ਜੂਨ
ਪੰਜਾਬ ਸਰਕਾਰ ਵੱਲੋਂ ਨਵੇਂ ਬਣਾਏ ਜਾ ਰਹੇ ਅਰਬਨ ਅਸਟੇਟਾਂ ਪ੍ਰਤੀ ਕਿਸਾਨਾਂ ’ਚ ਰੋਹ ਵਧਦਾ ਜਾ ਰਿਹਾ ਹੈ। ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਵਿਰੋਧ ਤੋਂ ਬਾਅਦ ਬਠਿੰਡਾ ’ਚ ਵੀ ਰੋਹ ਦੀ ਚੰਗਿਆੜੀ ਭਖ ਗਈ ਹੈ। ਜ਼ਿਲ੍ਹਾ ਬਠਿੰਡਾ ਦੇ ਨਾਲ ਲੱਗਦੇ ਪਿੰਡ ਜੋਧਪੁਰ ਰੋਮਾਣਾ ਦੇ ਕਿਸਾਨਾਂ ਨੇ ਪਿੰਡ ’ਚ ਇਕੱਠ ਕਰ ਕੇ ਲਏ ਫੈਸਲੇ ਮਗਰੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਿਆਂ ਸਾਫ਼ ਆਖ ਦਿੱਤਾ ਕਿ ਉਹ ਜ਼ਮੀਨਾਂ ਨਹੀਂ ਦੇਣਗੇ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਪਿੰਡ ਜੋਧਪੁਰ ਰੋਮਾਣਾ, ਨਰੂਆਣਾ ਤੇ ਪੱਤੀ ਝੁੱਟੀ ਬਠਿੰਡਾ ਦੇ ਰਕਬੇ ’ਚ ਅਰਬਨ ਅਸਟੇਨ ਲਈ ਲੈਂਡ ਪੂਲਿੰਗ ਸਕੀਮ ਤਹਿਤ 824 ਏਕੜ ਜ਼ਮੀਨ ਐਕਆਇਰ ਕਰਨ ਦਾ ਨੋਟਿਸ ਦਿੱਤਾ ਹੈ। ਇਹ ਨੋਟਿਸ ਆਉਣ ਤੋਂ ਬਾਅਦ ਹੀ ਕਿਸਾਨਾਂ ਵੱਲੋਂ ਹਲਕਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਹੁਣ ਵਿਰੋਧ ਤੇਜ਼ ਹੋ ਗਿਆ ਹੈ। ਪਿੰਡ ਜੋਧਪੁਰ ਰੋਮਾਣਾ ਵਿੱਚ ਇਸ ਸਬੰਧ ’ਚ ਪੰਚਾਇਤ ਘਰ ’ਚ ਇਕੱਠ ਕੀਤਾ ਗਿਆ, ਜਿੱਥੇ ਜ਼ਮੀਨ ਮਾਲਕਾਂ ਨੇ ਉਕਤ ਸਕੀਮ ਤਹਿਤ ਜ਼ਮੀਨ ਦੇਣ ਤੋਂ ਅਸਹਿਮਤੀ ਪ੍ਰਗਟਾਈ। ਕਿਸਾਨਾਂ ਵੱਲੋਂ ਅਸਹਿਮਤੀ ਦੇਣ ’ਤੇ ਪਿੰਡ ਦੇ ਪੰਚਾਇਤੀ ਨੁਮਾਇੰਦਿਆਂ ਸਰਪੰਚ ਸੁਖਜਿੰਦਰ ਸਿੰਘ ਸਮੇਤ ਪੰਚਾਂ ਨੇ ਕਿਸਾਨਾਂ ਨਾਲ ਸਹਿਮਤੀ ਪ੍ਰਗਟਾਈ। ਅੱਜ ਪੰਚਾਇਤੀ ਨੁਮਾਇੰਦੇ ਅਤੇ ਕਿਸਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ ਦੇ ਦਫ਼ਤਰ ਪੁੱਜੇ, ਜਿੱਥੇ ਮੰਗ ਪੱਤਰ ਸੌਂਪਦਿਆਂ ਜਾਣੂ ਕਰਵਾਇਆ ਕਿ ਉਹ ਆਪਣੀਆਂ ਜ਼ਮੀਨਾਂ ਨਹੀਂ ਦੇਣਗੇ।