DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਾਉਣ ਦੇ ਛਰਾਟੇ ਨਾਲ ਬਠਿੰਡਾ ਭਿੱਜਿਆ

ਕਿਤੇ ਮੀਂਹ, ਕਿਤੇ ਔਡ਼; ਬਿਜਲੀ ਦੇ ਲੰਮੇ ਕੱਟਾਂ ਕਾਰਨ ਸਿੰਜਾਈ ਪ੍ਰਭਾਵਿਤ

  • fb
  • twitter
  • whatsapp
  • whatsapp
featured-img featured-img
ਬਠਿੰਡਾ ਦੇ ਗੋਨਿਆਣੇ ਰੋਡ ’ਤੇ ਮੀਂਹ ਮਗਰੋਂ ਖੜ੍ਹਾ ਪਾਣੀ। -ਫੋਟੋ: ਪਵਨ ਸ਼ਰਮਾ
Advertisement

ਬਠਿੰਡਾ ਜ਼ਿਲ੍ਹੇ ਵਿੱਚ ਅੱਜ ਮੌਸਮ ਦਾ ਅਜੀਬ ਰੰਗ ਦੇਖਣ ਨੂੰ ਮਿਲਿਆ। ਕਿਤੇ ਹਲਕਾ ਮੀਂਹ ਪਿਆ ਅਤੇ ਕਈ ਖੇਤਰਾਂ ਵਿੱਚ ਇੱਕ ਕਣੀ ਵੀ ਨਹੀਂ ਡਿੱਗੀ। ਗੋਨਿਆਣਾ ਰੋਡ ’ਤੇ ਹਲਕਾ ਮੀਂਹ ਪਿਆ, ਜਦਕਿ ਪੁਰਾਣਾ ਬੱਸ ਅੱਡਾ ਅਤੇ ਸ਼ਹਿਰ ਦੇ ਹੋਰ ਕਈ ਹਿੱਸੇ ਸੁੱਕੇ ਹੀ ਰਹੇ। ਪੇਂਡੂ ਖੇਤਰਾਂ ਵਿੱਚ ਅਜੇ ਵੀ ਔੜ ਵਰਗੀ ਸਥਿਤੀ ਬਣੀ ਹੋਈ ਹੈ।

ਮੀਂਹ ਦੀ ਘਾਟ ਅਤੇ ਬਿਜਲੀ ਸਪਲਾਈ ਵਿੱਚ ਲੱਗ ਰਹੇ ਲੰਮੇ ਕੱਟਾਂ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਝੋਨੇ ਦੀ ਫ਼ਸਲ ਨੂੰ ਇਸ ਸਮੇਂ ਲਗਾਤਾਰ ਪਾਣੀ ਦੀ ਲੋੜ ਹੈ ਪਰ ਅਣਐਲਾਨੇ ਬਿਜਲੀ ਕੱਟਾਂ ਕਾਰਨ ਟਿਊਬਵੈੱਲ ਸਮੇਂ ਸਿਰ ਨਹੀਂ ਚੱਲ ਰਹੇ। ਨਤੀਜੇ ਵਜੋਂ ਕਈ ਪਿੰਡਾਂ ਵਿੱਚ ਝੋਨੇ ਦੇ ਖੇਤ ਸੁੱਕੇ ਹੋਏ ਹਨ। ਕਿਸਾਨਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੇ ਲੰਮੇ ਕੱਟਾਂ ਕਾਰਨ ਸਿੰਜਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਜੇ ਜਲਦੀ ਮੀਂਹ ਨਾ ਪਿਆ ਅਤੇ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਝੋਨੇ ਦੀ ਪੈਦਾਵਾਰ ’ਤੇ ਗੰਭੀਰ ਅਸਰ ਪੈ ਸਕਦਾ ਹੈ। ਕਿਸਾਨਾਂ ਨੇ ਸਰਕਾਰ ਅਤੇ ਬਿਜਲੀ ਨਿਗਮ ਤੋਂ ਖੇਤੀਬਾੜੀ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੌਰਾਨ ਮਾਲਵਾ ਖੇਤਰ ਵਿੱਚ ਭਰਵੇਂ ਮੀਂਹ ਦੀ ਸੰਭਾਵਨਾ ਜਤਾਈ ਹੈ।

Advertisement

ਮੀਂਹ ਲਈ ਗੁੱਡੀਆਂ ਫੂਕੀਆਂ

ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਮੀਂਹ ਨਾ ਪੈਣ ਕਾਰਨ ਲੋਕ ਗਰਮੀ ਦੇ ਝੰਬੇ ਪਏ ਹਨ। ਖੇਤਾਂ ਵਿੱਚ ਔੜ ਲੱਗ ਗਈ ਹੈ। ਅੱਜ ਇਸ ਕਸਬੇ ਸ਼ਹਿਣੇ ਦੀਆਂ ਦਰਜਨਾਂ ਔਰਤਾਂ ਨੇ ਮੰਡੀ ਵਿੱਚ ਲਿਜਾ ਕੇ ਗੁੱਡੀ ਫੂਕੀ। ਲੋਕਾਂ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਗੁੱਡੀ ਫੂਕਣ ਨਾਲ ਬਾਰਿਸ਼ਾਂ ਹੋ ਜਾਂਦੀਆਂ ਹਨ। ਇਸ ਮੌਕੇ ਮਿੱਠੀਆਂ ਰੋਟੀਆਂ ਅਤੇ ਚੌਲ ਵੀ ਵੰਡੇ ਗਏ। ਖੇਤਾਂ ਵਿੱਚ ਲਾਏ ਝੋਨੇ ਵਿੱਚ ਔੜ ਲੱਗ ਗਈ ਹੈ ਅਤੇ ਕਿਸਾਨਾਂ ਵੱਲੋਂ ਝੋਨੇ ਵਿੱਚ ਪਾਣੀ ਖੜਾਉਣ ਲਈ ਹਰ ਹੀਲੇ ਵਰਤੇ ਜਾ ਰਹੇ ਹਨ ਪਰ ਪਾਣੀ ਨਹੀਂ ਖੜ੍ਹ ਰਿਹਾ ਹੈ।

Advertisement

ਹੁੁੰਮਸ ਭਰੀ ਗਰਮੀ ਕਾਰਨ ਲੋਕ ਪ੍ਰੇਸ਼ਾਨ

ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਇਲਾਕੇ ਵਿੱਚ ਪਿਛਲੇ ਕੁੱਝ ਘੰਟਿਆਂ ਦੌਰਾਨ ਤਾਪਮਾਨ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਹਵਾ ਵਿੱਚ ਨਮੀ (ਹੁੰਮਸ) ਵੱਧ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਅਜੇ ਵੀ ਕੋਈ ਵੱਡੀ ਰਾਹਤ ਨਹੀਂ ਮਿਲੀ। ਦਿਨ ਵੇਲੇ ਤਪਸ਼ ਅਤੇ ਹੁੁੰਮਸ ਭਰੇ ਮੌਸਮ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ। ਸਵੇਰ ਤੋਂ ਹੀ ਚਿਪਚਿਪੀ ਗਰਮੀ ਮਹਿਸੂਸ ਹੋਣ ਲੱਗਦੀ ਹੈ, ਜਦੋਂ ਕਿ ਦੁਪਹਿਰ ਸਮੇਂ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਹੈ।

ਮੌਸਮ ਵਿਭਾਗ ਮੁਤਾਬਕ ਮਾਲਵਾ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਵਿੱਚ ਪਏ ਮੀਂਹ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ ਵਿੱਚ ਕੁਝ ਡਿਗਰੀ ਦੀ ਕਮੀ ਆਈ ਹੈ, ਪਰ ਹਵਾ ਵਿੱਚ ਨਮੀ ਦਾ ਪੱਧਰ ਕਾਫ਼ੀ ਉੱਚਾ ਹੋਣ ਕਾਰਨ ਲੋਕਾਂ ਨੂੰ ਅਸਲ ਰਾਹਤ ਮਹਿਸੂਸ ਨਹੀਂ ਹੋ ਰਹੀ ਹੈ। ਪੱਖੇ ਅਤੇ ਕੂਲਰ ਵੀ ਕਈ ਵਾਰ ਨਾਕਾਫ਼ੀ ਸਾਬਤ ਹੋ ਰਹੇ ਹਨ, ਜਦੋਂ ਕਿ ਬਿਜਲੀ ਦੀ ਵਧਦੀ ਖਪਤ ਕਾਰਨ ਕੱਟ ਵੀ ਲੱਗ ਰਹੇ ਹਨ। ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਪਹਿਰ ਦੇ ਸਮੇਂ ਆਵਾਜਾਈ ਘੱਟ ਦੇਖਣ ਨੂੰ ਮਿਲੀ। ਲੋਕ ਜ਼ਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਰੇਹੜੀ-ਫੜੀ ਵਾਲੇ, ਦਿਹਾੜੀਦਾਰ ਮਜ਼ਦੂਰ ਅਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਸਭ ਤੋਂ ਵੱਧ ਪ੍ਰਭਾਵਤ ਹੋ ਰਹੇ ਹਨ। ਗਰਮੀ ਤੋਂ ਬਚਾਅ ਲਈ ਲੋਕ ਠੰਢੇ, ਨਿੰਬੂ ਪਾਣੀ, ਲੱਸੀ ਅਤੇ ਹੋਰ ਤਰਲ ਪਦਾਰਥਾਂ ਦਾ ਵੱਧ ਸੇਵਨ ਕਰ ਰਹੇ ਹਨ। ਮਾਨਸਾ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੇ ਮੌਸਮ ਵਿੱਚ ਵੱਧ ਤੋਂ ਵੱਧ ਪਾਣੀ ਪੀਣ। ਉਨ੍ਹਾਂ ਬੱਚਿਆਂ, ਬਜ਼ੁਰਗਾਂ ਅਤੇ ਦਿਲ ਜਾਂ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਮੌਸਮ ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਬੱਦਲਵਾਈ ਅਤੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਜੇਕਰ ਚੰਗਾ ਮੀਂਹ ਪੈਂਦਾ ਹੈ ਤਾਂ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।

Advertisement
×