
ਬਠਿੰਡਾ ’ਚ ਮੰਗਲਵਾਰ ਨੂੰ ਵਿਖਾਵਾਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਦੀ ਹੋਈ ਪੁਲੀਸ। -ਫੋਟੋ: ਪਵਨ ਸ਼ਰਮਾ
ਸ਼ਗਨ ਕਟਾਰੀਆ
ਬਠਿੰਡਾ, 21 ਮਾਰਚ
‘ਵਾਰਿਸ ਪੰਜਾਬ ਦੇ’ ਜਥੇਬੰਦੀ ਉੱਪਰ ਸਰਕਾਰ ਵੱਲੋਂ ਚੱਲ ਰਹੀ ਕਾਰਵਾਈ ਖ਼ਿਲਾਫ਼ ਅੱਜ ਕੁਝ ਪੰਥਕ ਧਿਰਾਂ ਤੇ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਦਾ ਪ੍ਰੋਗਰਾਮ ਸੀ। ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਦੇ ਕਾਫ਼ਲੇ ਨੂੰ ਰਸਤੇ ਵਿੱਚ ਹੀ ਰੋਕ ਕੇ ਮੰਗ ਪੱਤਰ ਹਾਸਲ ਕਰ ਲਿਆ।
ਗੁਰਦੁਆਰਾ ਹਾਜੀ ਰਤਨ ਤੋਂ ਚੱਲੇ ਵਿਖਾਵਾਕਾਰੀਆਂ ਦੇ ਕਾਫ਼ਲੇ ਨੂੰ ਪੁਲੀਸ ਨੇ ਰਸਤੇ ਵਿਚ ਹੀ ਰੋਕ ਲਿਆ। ਕਾਫ਼ਲੇ ’ਚ ਮੌਜੂਦ ਲੱਖਾ ਸਿਧਾਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰ ਤੇ ਰਾਜ ਸਰਕਾਰ ’ਤੇ ਸੂਬੇ ਅੰਦਰ ਜਾਣਬੁੱਝ ਕੇ ਦਹਿਸ਼ਤਜ਼ਦਾ ਮਾਹੌਲ ਸਿਰਜਣ ਦਾ ਦੋਸ਼ ਲਾਇਆ। ਉਨ੍ਹਾਂ ਲੋਕਾਂ ਨੂੰ ਸ਼ਾਂਤਮਈ ਤੇ ਜ਼ਾਬਤੇ ’ਚ ਰਹਿ ਕੇ ਮੌਜੂਦਾ ਹਾਲਾਤ ਬਾਰੇ ਆਪਣਾ ਫ਼ਰਜ਼ ਨਿਭਾਉਣ ਦੀ ਅਪੀਲ ਕੀਤੀ।
ਮਾਨਸਾ (ਜੋਗਿੰਦਰ ਸਿੰਘ ਮਾਨ): ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਸਬੰਧੀ ਅਕਾਲੀ ਦਲ (ਅ) ਦੇ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਦੀ ਅਗਵਾਈ ਹੇਠ ਦੇਸ਼ ਦੇ ਰਾਸ਼ਟਰਪਤੀ ਨੂੰ ਮਾਨਸਾ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੰਗ ਪੱਤਰ ਭੇਜਿਆ ਗਿਆ। ਸ੍ਰੀ ਬੱਛੋਆਣਾ ਨੇ ਕਿਹਾ ਕਿ ਭਾਰਤ ਵਿੱਚ ਆਪਣੇ ਧਰਮ ਦਾ ਪ੍ਰਚਾਰ ਕਰਨਾ ਵੀ ਗੁਨਾਹ ਹੋ ਗਿਆ ਹੈ। ਉਨ੍ਹਾਂ ਆਖਿਆ ਮਾਨਸਾ ਪੁਲੀਸ ਨੇ ਅਕਾਲੀ ਦਲ (ਅ) ਦੇ 45 ਦੇ ਲਗਪਗ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਮੁਕਤਸਰ ਸਾਹਿਬ ਦੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਨੂੰ ਜਲਦ ਤੋਂ ਜਲਦ ਰਿਹਾਅ ਕੀਤਾ ਜਾਵੇ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਨੇ ਸੂਬਾ ਸਰਕਾਰ ਵੱਲੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਕੁਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਸਖ਼ਤ ਅਲੋਚਨਾ ਕੀਤੀ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ‘ਆਪ’ ਸਰਕਾਰ ਕੇਂਦਰ ਦੀ ਕਠਪੁਤਲੀ ਨਾ ਬਣੇ ਅਤੇ ਗ੍ਰਿਫ਼ਤਾਰ ਕੀਤੇ ਸਾਰੇ ਸਿੱਖ ਨੌਜਵਾਨਾਂ ਤੁਰੰਤ ਰਿਹਾਅ ਕਰੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ