ਡੇਅਰੀ ਪ੍ਰਾਜੈਕਟ ਵਾਲੀ ਥਾਂ ’ਤੇ ਕਲੋਨੀ ਕੱਟੇਗਾ ਬਠਿੰਡਾ ਨਿਗਮ
ਡੇਅਰੀ ਪ੍ਰਾਜੈਕਟ ਵਾਲੀ ਜਗ੍ਹਾ ’ਤੇ ਨਗਰ ਨਿਗਮ ਬਠਿੰਡਾ ਵੱਲੋਂ ਅਤਿ ਆਧੁਨਿਕ ਕਲੋਨੀ ਕੱਟੀ ਜਾਵੇਗੀ। ਇਸ ਕਲੋਨੀ ਦਾ ਨਾਂਅ ‘ਸ਼ਹੀਦ ਭਗਤ ਸਿੰਘ ਐਨਕਲੇਵ’ ਹੋਵੇਗਾ।
ਇਹ ਅਹਿਮ ਖੁਲਾਸਾ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਰਸਮੀ ਐਲਾਨ ਆਉਂਦੇ ਦਿਨਾਂ ਵਿੱਚ ਛੇਤੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 20 ਸਾਲਾਂ ਦੇ ਅਰਸੇ ਤੋਂ 32 ਏਕੜ ਦੇ ਕਰੀਬ ਇਹ ਜ਼ਮੀਨ ਖਾਲੀ ਪਈ ਸੀ, ਜਿਸ ਦਾ ਪੰਜਾਬ ਸਰਕਾਰ ਜਾਂ ਨਗਰ ਸੁਧਾਰ ਟਰੱਸਟ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਅਤੀਤ ਦੌਰਾਨ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ, ਪਰ ਕਿਸੇ ਨੇ ਵੀ ਇਸ ਪ੍ਰਾਜੈਕਟ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਹ ਪ੍ਰਾਜੈਕਟ ਲਟਕਿਆ ਹੋਇਆ ਸੀ। ਸ੍ਰੀ ਭੱਲਾ ਨੇ ਦੱਸਿਆ ਕਿ ਇਸ ਕਲੋਨੀ ਦੇ 118 ਪਲਾਟ ਲਾਟਰੀ ਵਿਧੀ ਰਾਹੀਂ ਅਲਾਟ ਕੀਤੇ ਜਾਣਗੇ ਅਤੇ 118 ਪਲਾਟਾਂ ਦੀ ਖੁੱਲ੍ਹੀ ਬੋਲੀ ਰਾਹੀਂ ਨਿਲਾਮੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਲੋਨੀ ਵਿੱਚ ਪਲਾਟਾਂ ਦਾ ਰੇਟ 20 ਹਜ਼ਾਰ ਪ੍ਰਤੀ ਵਰਗ ਗਜ਼ ਤੈਅ ਕੀਤਾ ਗਿਆ ਹੈ।
