ਪਰਸ਼ੋਤਮ ਬੱਲੀ
ਬਰਨਾਲਾ, 27 ਮਈ
ਜ਼ਿਲ੍ਹਾ ਬਰਨਾਲਾ ਦੀਆਂ ਤਿੰਨ ਖੱਬੇਪੱਖੀ ਮਜ਼ਦੂਰ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਲਈ ਇਥੇ ਕਚਹਿਰੀ ਚੌਕ ਤੋਂ ਰੋਹ ਭਰਪੂਰ ਮਾਰਚ ਕਰਦਿਆਂ ਡੀਸੀ ਦਫਤਰ ਪੁੱਜ ਕੇ ਧਰਨਾ ਦਿੱਤਾ। ਡੀਸੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ। ਧਰਨੇ ਦੀ ਪ੍ਰਧਾਨਗੀ ਸ਼ਿੰਦਰ ਕੌਰ ਹਰੀਗੜ੍ਹ, ਅਮਰਜੀਤ ਕੌਰ ਧੌਲਾ, ਪਰਮਜੀਤ ਕੌਰ ਗੁੰਮਟੀ,ਪ੍ਰਕਾਸ਼ ਸਿੰਘ ਸੱਦੋਵਾਲ, ਜੀਤਾ ਸਿੰਘ ਗਰੇਵਾਲ ਅਤੇ ਸਰਵਨ ਸਿੰਘ ਜੰਗੀਆਣਾ ਨੇ ਕੀਤੀ। ਧਰਨੇ ਵਿੱਚ ਲਬਿਰੇਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਰੂੜੇਕੇ, ਮਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਦੇ ਖੁਸ਼ੀਆ ਸਿੰਘ,ਦਿਹਾਤੀ ਮਜ਼ਦੂਰ ਸਭਾ ਦੇ ਭੋਲਾ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਇੱਕ ਪਾਸੇ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਮਜ਼ਦੂਰ ਜਮਾਤ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ ਪਰ ਸੂਬੇ ਦੀ ਮਾਨ ਸਰਕਾਰ ਨੇ ਮਜ਼ਦੂਰਾਂ ਨੂੰ ਕੋਈ ਵੱਡੀ ਰਾਹਤ ਨਹੀਂ ਦਿੱਤੀ। ਮੰਗ ਪੱਤਰ ਭੇਜ ਕੇ ਇਕੱਠ ਨੇ ਰਾਜ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਦੇ ਮੁਤਾਬਕ ਝੋਨੇ ਦੀ ਲੁਆਈ ਘੱਟੋ ਘੱਟ 6000 ਪ੍ਰਤੀ ਏਕੜ ਦਾ ਤੈਅ ਕੀਤੀ ਜਾਵੇ, ਪੰਚਾਇਤੀ ਜ਼ਮੀਨ ਵਿੱਚੋਂ ਮਜ਼ਦੂਰਾਂ ਦੇ ਹਿੱਸੇ ਦੀ ਜ਼ਮੀਨ ਉਨ੍ਹਾਂ ਨੂੰ ਖੇਤੀ ਲਈ ਦਿੱਤੀ ਜਾਵੇ, ਲੈਂਡ ਸੀਲਿੰਗ ਐਕਟ ਸਖ਼ਤੀ ਨਾਲ ਲਾਗੂ ਕਰਕੇ ਵਾਧੂ ਜ਼ਮੀਨ ਬੇਜ਼ਮੀਨੇ ਮਜ਼ਦੂਰਾਂ ‘ਚ ਵੰਡੀ ਜਾਵੇ, ਮਨਰੇਗਾ ਮਜ਼ਦੂਰਾਂ ਨੂੰ ਸਾਲ’ਚ 200 ਦਿਨ ਕੰਮ ਤੇ 700 ਦਿਹਾੜੀ, ਕੰਮ ਦੇ ਘੰਟੇ 6 ਕੀਤੇ ਜਾਣ, ਲੋੜਬੰਦ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਬਣਾਏ ਜਾਣ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਪੰਜਾਬ ਭਰ ਦੀਆਂ ਮਜ਼ਦੂਰ ਜਥੇਬੰਦੀਆਂ ਨਾਲ ਫੌਰੀ ਮੀਟਿੰਗ ਕਰਕੇ ਮਜ਼ਦੂਰ ਮੰਗਾਂ ਦਾ ਹੱਲ ਨਾ ਕੱਢਿਆ ਤਾਂ ਜਲਦ ਹੀ ਸੰਘਰਸ਼ੀ ਰੂਪਰੇਖ਼ਾ ਉਲੀਕੀ ਜਾਵੇਗੀ। ਇਸ ਮੌਕੇ ਹਰਚਰਨ ਸਿੰਘ ਰੂੜੇਕੇ, ਕਰਨੈਲ ਸਿੰਘ ਠੀਕਰੀਵਾਲਾ,ਸਾਧੂ ਸਿੰਘ ਛੀਨੀਵਾਲ,ਪਰਮਜੀਤ ਕੌਰ,ਹੈਪੀ ਸਿੰਘ ਛੀਨੀਵਾਲ, ਸਰਬਜੀਤ ਕੌਰ ਧੌਲਾ,ਬਿੱਕਰ ਸਿੰਘ ਕੁਰੜ ਤੇ ਬੇਅੰਤ ਸਿੰਘ ਬਰਨਾਲਾ ਨੇ ਸਬੋਧਨ ਕੀਤਾ।