barnala/sports: ਤਗ਼ਮਾ ਜਿੱਤ ਕੇ ਪਰੀਨਾਜ਼ ਧਾਲੀਵਾਲ ਨੇ ਇਲਾਕੇ ਦਾ ਨਾਂ ਰੁਸ਼ਨਾਇਆ: ਗਿਆਨੀ ਟੇਕ ਸਿੰਘ
ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਏਸ਼ਿਆਈ ਖੇਡਾਂ ’ਚ ਤਗ਼ਮਾ ਜੇਤੂ ਖਿਡਾਰਨ ਨੂੰ ਵਧਾਈ ਦਿੱਤੀ
ਏਸ਼ਿਆਈ ਖੇਡਾਂ ਦੇ ਨਿਸ਼ਾਨੇਬਾਜ਼ੀ ਸਕੀਟ ਮੁਕਾਬਲਿਆਂ ’ਚ ਬਰਨਾਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦੀ ਧੀ ਪਰੀਨਾਜ਼ ਕੌਰ ਧਾਲੀਵਾਲ ਨੂੰ ਮਹਿਲਾ ਟੀਮ ਸਕੀਟ ਅਤੇ ਮਿਕਸਡ ਡਬਲਜ਼ ਸਕੀਟ ਵਿੱਚ ਦੋ ਕਾਂਸੀ ਦੇ ਤਗਮੇ ਜਿੱਤਣ ’ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਵਧਾਈ ਦਿੱਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਪਰੀਨਾਜ਼ ਵੱਲੋਂ ਏਸ਼ਿਆਈ ਖੇਡਾਂ ਵਰਗੇ ਵੱਡੇ ਮੰਚ ’ਤੇ ਦੋ ਤਗਮੇ ਜਿੱਤਣਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਪਰੀਨਾਜ਼ ਧਾਲੀਵਾਲ, ਉਸ ਦੇ ਪਰਿਵਾਰ, ਕੋਚਾਂ ਅਤੇ ਸਮੁੱਚੇ ਇਲਾਕੇ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪਰੀਨਾਜ਼ ਦੀ ਪ੍ਰਾਪਤੀ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਨੌਜਵਾਨ ਕਿਸੇ ਵੀ ਖੇਤਰ ਵਿੱਚ ਸਫਲਤਾ ਹਾਸਲ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਮਨੋਰਥਹੀਣ ਰਾਹਾਂ ਤੋਂ ਦੂਰ ਰਹਿ ਕੇ ਖੇਡਾਂ, ਵਿੱਦਿਆ, ਰਵਾਇਤੀ ਜੰਗਜੂ ਕਲਾਵਾਂ ਅਤੇ ਬਾਣੀ-ਬਾਣੇ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਪਰੀਨਾਜ਼ ਦੇ ਉੱਜਵਲ ਭਵਿੱਖ ਲਈ ਅਰਦਾਸ ਵੀ ਕੀਤੀ।

