ਪਰਸ਼ੋਤਮ ਬੱਲੀ
ਬਰਨਾਲਾ, 27 ਮਈ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਰਨਾਲਾ ਵੱਲੋਂ ਸੂਬਾਈ ਆਗੂ ਕਰਮਜੀਤ ਸਿੰਘ ਬੀਹਲਾ,ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਤੇ ਜਨਰਲ ਸਕੱਤਰ ਹਰਿੰਦਰ ਮੱਲ੍ਹੀਆਂ ਦੀ ਪ੍ਰਧਾਨਗੀ ਹੇਠ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਮੰਗ ਦਿਵਸ’ ਮਨਾਉਂਦਿਆਂ ਧਰਨਾ ਲਗਾ ਕੇ ਸਰਕਾਰਾਂ ਦੀਆਂ ਮੁਲਾਜ਼ਮ ਅਤੇ ਲੋਕ ਮਾਰੂ ਨੀਤੀਆਂ ਨੂੰ ਭੰਡਿਆ ਗਿਆ। ਵਿਸੇਸ਼ ਤੌਰ ’ਤੇ ਪਹੁੰਚੇ ਫੈਡਰੇਸ਼ਨ ਦੇ ਸੂਬਾਈ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਆਂਗਣਵਾੜੀ, ਆਸ਼ਾ ਵਰਕਰਾਂ ਅਤੇ ਮਿੱਡ-ਡੇ ਮੀਲ ਵਰਕਰਾਂ ਨੂੰ ਘੱਟੋ-ਘੱਟ 18000 ਰੁਪਏ ਉਜਰਤ ਦਿੱਤੀ ਜਾਵੇ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਇਨਕਮ ਟੈਕਸ ਦੀ ਹੱਦ 10 ਲੱਖ ਕੀਤੀ ਜਾਵੇ।
ਆਗੂ ਦਰਸ਼ਨ ਚੀਮਾ ਤੇ ਤੇਜਿੰਦਰ ਸਿੰਘ ਤੇਜੀ ਨੇ ਕਿਹਾ ਕਿ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਜੰਤਰ-ਮੰਤਰ ਵਿਖੇ ਕੀਤੀ ਜਾਣ ਵਾਲੀ ਰੈਲੀ ਵਿੱਚ ਪੰਜਾਬ ਤੋਂ ਵੱਡੀ ਗਿਣਤੀ’ਚ ਮੁਲਾਜ਼ਮ ਸ਼ਾਮਿਲ ਹੋਣਗੇ। ਇਸ ਮੌਕੇ ਸਾਥੀ ਗੁਰਜੰਟ ਕੈਰੇ, ਨਸੀਬ ਕੌਰ, ਚਮਕੌਰ ਕੈਰੇ, ਹਰਪਾਲ ਸਹੌਰ, ਰਛਪਾਲ ਠੀਕਰੀਵਾਲ, ਤੇਜਿੰਦਰ ਤੇਜੀ, ਗੁਰਪ੍ਰੀਤ ਮਾਨ, ਜਗਵਿੰਦਰ ਪਾਲ ਹੰਡਿਆਇਆ, ਨਰਿੰਦਰ ਕੁਮਾਰ ਤੇ ਜਾਨਕੀ ਦੇਵੀ ਨੇ ਵੀ ਸੰਬੋਧਨ ਕੀਤਾ।