ਬਰਨਾਲਾ ਨਗਰ ਨਿਗਮ: 'ਆਪ' 'ਚ ਮੇਅਰ ਦੀ ਕੁਰਸੀ ਲਈ ਜ਼ੋਰ-ਅਜ਼ਮਾਇਸ਼ ਤੇਜ਼, 'ਦਲ-ਬਦਲੂਆਂ' ਅਤੇ 'ਟਕਸਾਲੀਆਂ' ਵਿਚਾਲੇ ਫਸਿਆ ਪੇਚ
ਪਿਛਲੇ ਦਿਨੀਂ ਆਮ ਆਦਮੀ ਪਾਰਟੀ ਬਰਨਾਲਾ ਦੀ ਨਗਰ ਨਿਗਮ ਚੋਣਾਂ ਵਿੱਚ 50 ਵਿੱਚੋਂ 36 ਸੀਟਾਂ ਜਿੱਤ ਕੇ ਇਤਿਹਾਸਕ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ, ਜਿਸ ਤੋਂ ਬਾਅਦ ਸ਼ਹਿਰ ਦਾ ਪਹਿਲਾ ਮੇਅਰ ਬਣਨ ਲਈ ਸਿਆਸੀ ਹਲਚਲ ਬੇਹੱਦ ਤੇਜ਼ ਹੋ ਗਈ...
ਪਿਛਲੇ ਦਿਨੀਂ ਆਮ ਆਦਮੀ ਪਾਰਟੀ ਬਰਨਾਲਾ ਦੀ ਨਗਰ ਨਿਗਮ ਚੋਣਾਂ ਵਿੱਚ 50 ਵਿੱਚੋਂ 36 ਸੀਟਾਂ ਜਿੱਤ ਕੇ ਇਤਿਹਾਸਕ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ, ਜਿਸ ਤੋਂ ਬਾਅਦ ਸ਼ਹਿਰ ਦਾ ਪਹਿਲਾ ਮੇਅਰ ਬਣਨ ਲਈ ਸਿਆਸੀ ਹਲਚਲ ਬੇਹੱਦ ਤੇਜ਼ ਹੋ ਗਈ ਹੈ। ਇਸ ਵੱਕਾਰੀ ਅਹੁਦੇ ਨੂੰ ਹਾਸਲ ਕਰਨ ਲਈ ਪਾਰਟੀ ਦੇ ਅੰਦਰੂਨੀ ਖੇਮਿਆਂ ਵਿੱਚ ਜ਼ੋਰ-ਅਜ਼ਮਾਈ ਦਾ ਦੌਰ ਸਿਖਰਾਂ 'ਤੇ ਹੈ, ਜਿਸ ਵਿੱਚ ਦੂਜੀਆਂ ਪਾਰਟੀਆਂ ਵਿੱਚੋਂ ਦਲ-ਬਦਲੀ ਕਰਕੇ 'ਆਪ' ਵਿੱਚ ਸ਼ਾਮਲ ਹੋਏ ਕੌਂਸਲਰ ਸਭ ਤੋਂ ਅੱਗੇ ਦਿਖਾਈ ਦੇ ਰਹੇ ਹਨ।
ਦੂਜੇ ਪਾਸੇ ਪਾਰਟੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਹਰ ਔਖੇ-ਸੌਖੇ ਸਮੇਂ ਵਿੱਚ ਨਾਲ ਖੜਨ ਵਾਲੇ ਪੁਰਾਣੇ ਤੇ ਟਕਸਾਲੀ ਵਰਕਰਾਂ ਨੂੰ ਦਾਅਵੇਦਾਰਾਂ ਦੀ ਸੂਚੀ ਵਿੱਚੋਂ ਮਨਫ਼ੀ ਕੀਤੇ ਜਾਣ ਕਾਰਨ ਅੰਦਰੂਨੀ ਨਿਰਾਸ਼ਾ ਵੀ ਸਾਹਮਣੇ ਆ ਰਹੀ ਹੈ। ਪਾਰਟੀ ਦੇ ਵਫ਼ਾਦਾਰਾਂ ਦੀ ਇਹ ਪੁਰਜ਼ੋਰ ਮੰਗ ਹੈ ਕਿ ਮੁਸ਼ਕਿਲ ਦੌਰ ਵਿੱਚ ਜ਼ਮੀਨੀ ਪੱਧਰ 'ਤੇ ਮਿਹਨਤ ਕਰਨ ਵਾਲੇ ਨੇਤਾਵਾਂ ਨੂੰ ਹੀ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਜਾਵੇ।
ਇਸ ਵਾਰ ਜਿੱਤੇ ਹੋਏ 36 ਕੌਂਸਲਰਾਂ ਵਿੱਚੋਂ ਕੇਵਲ ਪੰਜ ਚਿਹਰੇ ਹੀ ਅਜਿਹੇ ਹਨ ਜਿਨ੍ਹਾਂ ਦਾ ਪਾਰਟੀ ਨਾਲ ਨਾਤਾ ਸ਼ੁਰੂਆਤੀ ਦੌਰ ਤੋਂ ਰਿਹਾ ਹੈ, ਜਦਕਿ ਬਾਕੀ ਸਾਰੇ ਦੂਜੇ ਦਲਾਂ ਵਿੱਚੋਂ ਆਏ ਹਨ। ਇਹਨਾਂ ਟਕਸਾਲੀ ਨੇਤਾਵਾਂ ਵਿੱਚ ਵਾਰਡ ਨੰਬਰ 46 ਤੋਂ ਲਵਪ੍ਰੀਤ ਸਿੰਘ ਦੀਵਾਨਾ ਸ਼ਾਮਲ ਹਨ, ਜਿਸਨੇ ਸ਼ਹਿਰ ਵਿੱਚ ਅਕਾਲੀ ਦਲ ਦੇ ਸਭ ਤੋਂ ਮਜ਼ਬੂਤ ਗੜ੍ਹ ਨੂੰ ਤੋੜਦਿਆਂ ਉੱਥੋਂ ਦੇ ਕਈ ਵਾਰ ਜੇਤੂ ਰਹੇ ਐਮਸੀ ਨੂੰ ਹਰਾਇਆ। ਉਸਨੇ ਵਾਰਡ ਅਕਾਲੀ ਹਲਕਾ ਇੰਚਾਰਜ ਦੇ ਜੱਦੀ ਵਾਰਡ ਵਿੱਚ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਵਾਰਡ ਨੰਬਰ 2 ਪਿੰਡ ਸੰਘੇੜਾ ਤੋਂ ਜਸਵਿੰਦਰ ਸਿੰਘ ਸਾਲ 2014 ਤੋਂ ਲਗਾਤਾਰ ਪਾਰਟੀ ਲਈ ਜ਼ਮੀਨੀ ਪੱਧਰ 'ਤੇ ਡਟੇ ਹੋਏ ਹਨ।
ਜੇ ਪਾਰਟੀ ਐਸਸੀ ਭਾਈਚਾਰੇ ਵਿੱਚੋਂ ਕਿਸੇ ਚਿਹਰੇ ਨੂੰ ਅੱਗੇ ਲਿਆਉਣ ਦਾ ਫੈਸਲਾ ਕਰਦੀ ਹੈ ਤਾਂ ਰਜਿੰਦਰ ਸਿੰਘ ਰਾਜੂ ਇੱਕ ਬਹੁਤ ਮਜ਼ਬੂਤ ਦਾਅਵੇਦਾਰ ਹਨ, ਜਿਨ੍ਹਾਂ ਨੇ 2016 ਅਤੇ 2021 ਦੀਆਂ ਚੋਣਾਂ ਦੌਰਾਨ ਉਸ ਔਖੇ ਸਮੇਂ ਪਾਰਟੀ ਦੇ ਸਮਰਥਨ ਨਾਲ ਚੋਣ ਲੜੀ ਸੀ ਜਦੋਂ ਕੋਈ ਅੱਗੇ ਆਉਣ ਦੀ ਹਿੰਮਤ ਨਹੀਂ ਸੀ ਕਰਦਾ, ਅਤੇ ਲੰਬੇ ਸੰਘਰਸ਼ ਤੋਂ ਬਾਅਦ ਇਸ ਵਾਰ ਉਹਨਾਂ ਨੂੰ ਜਿੱਤ ਨਸੀਬ ਹੋਈ ਹੈ। ਇਸ ਦੇ ਨਾਲ ਹੀ, ਜੇ ਮੇਅਰ ਦੀ ਕੁਰਸੀ ਮਹਿਲਾ ਜਨਰਲ ਲਈ ਰਾਖਵੀਂ ਹੋਵੇਗੀ, ਤਾਂ ਵਾਰਡ ਨੰਬਰ 39 ਤੋਂ ਕਾਂਗਰਸ ਦੇ ਵੱਡੇ ਥੰਮ੍ਹ ਮੰਨੇ ਜਾਂਦੇ ਮੱਖਣ ਸ਼ਰਮਾ ਦੀ ਪੱਕੀ ਸੀਟ ਤੋਂ ਜਿੱਤ ਦਰਜ ਕਰਨ ਵਾਲੇ ਟਕਸਾਲੀ ਵਰਕਰ ਰੋਹਿਤ ਓਸ਼ੋ ਦੇ ਪਰਿਵਾਰ ਭਾਵ ਉਨ੍ਹਾਂ ਦੀ ਮਾਤਾ ਦੇ ਨਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ, ਮੇਅਰ ਦੀ ਕੁਰਸੀ ਲਈ ਸਭ ਤੋਂ ਵੱਡੀ ਅਤੇ ਪ੍ਰਮੁੱਖ ਦਾਅਵੇਦਾਰੀ ਵਾਰਡ ਨੰਬਰ 44 ਤੋਂ ਜਿੱਤੇ ਹਸਨਪ੍ਰੀਤ ਭਾਰਦਵਾਜ ਦੀ ਮੰਨੀ ਜਾ ਰਹੀ ਹੈ, ਜੋ ਪਿਛਲੇ ਚਾਰ ਸਾਲਾਂ ਤੋਂ ਪਾਰਟੀ ਵਿੱਚ ਬੇਹੱਦ ਸਰਗਰਮ ਹਨ ਅਤੇ ਪਹਿਲਾਂ ਪਟਵਾਰੀ ਦੀ ਨੌਕਰੀ ਕਰਦੇ ਰਹੇ ਹਨ। ਭਾਰਦਵਾਜ ਮੌਜੂਦਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਬਹੁਤ ਨਜ਼ਦੀਕੀ ਅਤੇ ਪੁਰਾਣੇ ਮਿੱਤਰ ਹਨ ਅਤੇ ਉਨ੍ਹਾਂ ਦੇ ਓਐਸਡੀ ਵਜੋਂ ਵੀ ਕੰਮ ਕਰ ਚੁੱਕੇ ਹਨ, ਜਦਕਿ ਦੂਜੇ ਪਾਸੇ ਚੱਲ ਰਹੇ ਬਾਕੀ ਸਾਰੇ ਨਾਵਾਂ 'ਤੇ ਦਲ-ਬਦਲੀ ਦਾ ਠੱਪਾ ਲੱਗਿਆ ਹੋਇਆ ਹੈ।
ਹਾਲਾਂਕਿ ਇਸ ਵੱਕਾਰੀ ਅਹੁਦੇ ਦਾ ਅੰਤਿਮ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਹਾਈਕਮਾਂਡ ਦੇ ਹੱਥ ਵਿੱਚ ਹੈ, ਪਰ ਬਰਨਾਲਾ ਦੇ ਸਥਾਨਕ ਸਿਆਸੀ ਸਮੀਕਰਨਾਂ ਮੁਤਾਬਕ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਸਿਫ਼ਾਰਸ਼ ਸਭ ਤੋਂ ਅਹਿਮ ਭੂਮਿਕਾ ਨਿਭਾਏਗੀ। ਜੇ ਫੈਸਲੇ ਵਿੱਚ ਮੀਤ ਹੇਅਰ ਦੀ ਪਸੰਦ ਨੂੰ ਪਹਿਲ ਮਿਲਦੀ ਹੈ ਤਾਂ ਹਸਨਪ੍ਰੀਤ ਭਾਰਦਵਾਜ ਦਾ ਮੇਅਰ ਬਣਨਾ ਲਗਪਗ ਤੈਅ ਹੈ। ਪਰ ਜੇ ਹਾਈਕਮਾਂਡ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਮੀਨੀ ਵਰਕਰਾਂ ਨੂੰ ਮਾਣ ਦੇਣ ਦਾ ਸੁਨੇਹਾ ਦੇਣਾ ਚਾਹੁੰਦੀ ਹੈ, ਤਾਂ ਉਪਰੋਕਤ ਟਕਸਾਲੀ ਨੇਤਾਵਾਂ ਵਿੱਚੋਂ ਐੱਸਸੀ ਜਾਂ ਮਹਿਲਾ ਕੋਟੇ ਦੇ ਚਿਹਰਿਆਂ ਦੀ ਲਾਟਰੀ ਲੱਗ ਸਕਦੀ ਹੈ, ਜੋ ਕਿ ਮੀਤ ਹੇਅਰ ਦੇ ਵੀ ਬੇਹੱਦ ਨਜ਼ਦੀਕੀ ਹਨ ਅਤੇ ਜਿਹਨਾਂ ਨੂੰ ਅੱਗੇ ਲਿਆ ਕੇ ਪਾਰਟੀ ਹੇਠਲੇ ਪੱਧਰ 'ਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਭਰ ਸਕਦੀ ਹੈ।

