Barnala Mandi Protest: ਫੜ੍ਹਾਂ ਦੀ ਵੰਡ ਤੋਂ ਖ਼ਫ਼ਾ ਸਬਜ਼ੀ ਕਾਰੋਬਾਰੀਆਂ ਵੱਲੋਂ ਮੁਜ਼ਾਹਰਾ
ਚੇਅਰਮੈਨ ’ਤੇ ਚਹੇਤਿਆਂ ਨੂੰ ਨਵੇਂ ਲਾਇਸੈਂਸ ਦੇ ਕੇ ਕਬਜ਼ੇ ਕਰਾਉਣ ਦੇ ਦੋਸ਼ ਲਾਏ
ਸਬਜ਼ੀ ਮੰਡੀ ਬਰਨਾਲਾ ਵਿੱਚ ਨਵੇਂ ਬਣੇ ਸ਼ੈੱਡ ’ਚ ਪਹਿਲਾਂ ਤੋਂ ਕੰਮ ਕਰ ਰਹੇ ਆੜ੍ਹਤੀਆਂ ਨੂੰ ਜਗ੍ਹਾ ਦੇਣ ਦੀ ਥਾਂ ਸੱਤਾਧਾਰੀਆਂ ਵੱਲੋਂ ਕਥਿਤ ਤੌਰ ’ਤੇ ਆਪਣੇ ਚਹੇਤਿਆਂ ਦੇ ਨਵੇਂ ਲਾਈਸੈਂਸ ਬਣਾ ਕੇ ਜਗ੍ਹਾ ਦੇਣ ਖ਼ਿਲਾਫ਼ ਸਬਜ਼ੀ ਮੰਡੀ ਦੇ ਆੜ੍ਹਤੀਆਂ ਨੇ ਕੰਮ ਬੰਦ ਕਰ ਕੇ ਮੁਜ਼ਾਹਰਾ ਕੀਤਾ।
ਹਮਾਇਤ ’ਚ ਆਏ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ) ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੇ ਜ਼ਿਲ੍ਹਾ ਵਿੱਤ ਸਕੱਤਰ ਦਲਜੀਤ ਸਿੰਘ ਪੱਤੀ ਆਪਣੀ ਖ਼ੁਦ ਕਾਸ਼ਤ ਕੀਤੀ ਸਬਜ਼ੀ ਸੁਵੱਖ਼ਤੇ ਮੰਡੀ ਵਿੱਚ ਵੇਚਣ ਲਈ ਆਉਂਦੇ ਹਨ। ਇਸ ਦਾ ਕਰੀਬ ਦੋ ਦਹਾਕੇ ਤੋਂ ਆੜ੍ਹਤ ਦਾ ਲਾਈਸੈਂਸ ਵੀ ਬਣਿਆ ਹੋਇਆ ਹੈ ਪਰ ਹੁਣ ਸੱਤਾਧਾਰੀਆਂ ਦੀ ਸ਼ਹਿ ’ਤੇ ਉਸ ਨੂੰ ਅਤੇ ਹੋਰ ਆੜ੍ਹਤੀਆਂ ਨੂੰ ਜਗ੍ਹਾ ਦੇਣ ਦੀ ਥਾਂ ਆਪਣੇ ਹੀ ਚਹੇਤਿਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਕੁੱਝ ਦਿਨ ਪਹਿਲਾਂ ਨਵੇਂ ਬਣੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਆਪਣੇ ਭਰਾ ਅਤੇ ‘ਆਪ’ ਦੇ ਚਹੇਤੇ ਵਰਕਰਾਂ ਦੇ ਕਥਿਤ ਲਾਈਸੈਂਸ ਬਣਾ ਕੇ ਜਗ੍ਹਾ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਜੋ ਆਗੂ ਕਦੇ ਵੀ ਸਬਜ਼ੀ ਮੰਡੀ ਨਹੀਂ ਆਏ, ਉਹ ਹੁਣ ਕਬਜ਼ਾ ਕਰਨ ਦੀ ਤਾਕ ਵਿੱਚ ਹਨ।
ਸਬਜ਼ੀ ਮੰਡੀ ਨਿਊ ਆੜ੍ਹਤੀਆਂ ਅਸੋਸੀਏਸ਼ਨ ਦੇ ਆਗੂ ਗੌਰਵ ਕੁਮਾਰ, ਹਰਮੇਲ ਸਿੰਘ, ਗੋਰਾ ਖਾਨ ਤੇ ਪਵਨ ਕੁਮਾਰ ਆਦਿ ਨੇ ਇਸ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ’ਚ ਸਹਿਯੋਗ ਦੀ ਅਪੀਲ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੁਲਵੰਤ ਸਿੰਘ ਕਾਂਤਾ, ਬਿੱਟੂ ਦੀਵਾਨਾ, ਵਾਰਿਸ ਪੰਜਾਬ ਦੇ ਆਗੂ ਗੁਰਦੀਪ ਸਿੰਘ ਬਾਠ, ਹਰਜੀਤ ਸਿੰਘ ਖਿਆਲੀ ਆਦਿ ਨੇ ਕਿਹਾ ਕਿ ‘ਆਪ’ ਵਪਾਰੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਦੂਜੇ ਪਾਸੇ, ਮਾਰਕੀਟ ਕਮੇਟੀ ਚੇਅਰਮੈਨ ਜਸਵਿੰਦਰ ਸਿੰਘ ਸੰਘੇੜਾ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਨਿਯਮਾਂ ਨੂੰ ਦਰਕਿਨਾਰ ਕਰ ਕੇ ਕੁਝ ਨਹੀਂ ਕੀਤਾ ਜਾ ਰਿਹਾ। ਵਿਰੋਧੀ ਪਾਰਟੀਆਂ ਬੌਖਲਾਹਟ ਵਿੱਚ ‘ਆਪ’ ਸਰਕਾਰ ਦਾ ਅਕਸ ਵਿਗਾੜਨ ਲਈ ਝੂਠੇ ਦੋਸ਼ ਲਗਾ ਰਹੇ ਹਨ।

