ਪਰਸ਼ੋਤਮ ਬੱਲੀ
ਬਰਨਾਲਾ, 18 ਸਤੰਬਰ
ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਥੋਂ ਦੇ ਰੇਲਵੇ ਸਟੇਸ਼ਨ ’ਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਲੱਗੇ ਪੱਕੇ ਧਰਨੇ ਦੌਰਾਨ ਅੱਜ ਬੁਲਾਰਿਆਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਆਪਾ-ਵਿਰੋਧੀ ਬਿਆਨਾਂ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਕੈਪਟਨ ਨੇ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਕਿਸਾਨ ਅੰਦੋਲਨ ਕਾਰਨ ਹੋ ਰਹੇ ਆਰਥਿਕ ਨੁਕਸਾਨ ਦੀ ਦੁਹਾਈ ਦਿੱਤੀ ਤੇ ਕਾਰਪੋਰੇਟਾਂ ਵੱਲੋਂ ਭਵਿੱਖ ਵਿੱਚ ਪੰਜਾਬ ਵਿੱਚ ਨਿਵੇਸ਼ ਨਾ ਕਰਨ ਦਾ ਡਰਾਵਾ ਵੀ ਦਿੱਤਾ। ਦੂਜੇ ਪਾਸੇ ਕੱਲ੍ਹ ਕੇਂਦਰੀ ਸਰਕਾਰ ਨੂੰ ਕਾਨੂੰਨ ਵਾਪਸੀ ਲਈ ਸੰਵਿਧਾਨਕ ਸੋਧ ਦਾ ਵੀ ਮਸ਼ਵਰਾ ਦਿੱਤਾ। ਜੋ ਦੋਗਲੇ ਕਿਰਦਾਰ ਦਾ ਇਜ਼ਹਾਰ ਹੈ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਪਰਮਜੀਤ ਕੌਰ ਠੀਕਰੀਵਾਲਾ, ਨਛੱਤਰ ਸਿੰਘ ਸਹੌਰ, ਬਲਵਿੰਦਰ ਕੌਰ ਖੁੱਡੀ, ਬਲਵੀਰ ਕੌਰ ਕਰਮਗੜ੍ਹ, ਬਲਜੀਤ ਕੌਰ ਫਰਵਾਹੀ, ਗੁਰਜੰਟ ਸਿੰਘ ਟੀਐੱਸਯੂ, ਲੱਖਾ ਸਿੰਘ ਮਹਿਲ ਕਲਾਂ, ਗੁਰਨਾਮ ਸਿੰਘ ਠੀਕਰੀਵਾਲਾ, ਬੂਟਾ ਸਿੰਘ ਠੀਕਰੀਵਾਲਾ, ਮਨਜੀਤ ਕੌਰ ਖੁੱਡੀ, ਸਰਬਜੀਤ ਸਿੰਘ ਠੀਕਰੀਵਾਲਾ ਤੇ ਬਲਜੀਤ ਚੌਹਾਨਕੇ ਨੇ ਸੰਬੋਧਨ ਕੀਤਾ। ਉਧਰ ਰਿਲਾਇੰਸ ਮੌਲ ਮੂਹਰੇ ਲੱਗਿਆ ਧਰਨਾ 353ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਧਰਨੇ ਨੂੰ ਪ੍ਰਧਾਨ ਮੇਜਰ ਸਿੰਘ, ਭਜਨ ਸਿੰਘ, ਤੇਜ਼ਾ ਸਿੰਘ, ਜਗਦੇਵ ਸਿੰਘ, ਬਲਜਿੰਦਰ ਸਿੰਘ, ਵਿੱਕੀ, ਗੁਰਦੇਵ ਸਿੰਘ, ਰਾਜ ਸਿੰਘ ਬਰਨਾਲਾ, ਨਾਜਰ ਸਿੰਘ, ਜਰਨੈਲ ਸਿੰਘ ਤੇ ਬਾਵਾ ਸਿੰਘ ਸੋਹੀ ਨੇ ਸੰਬੋਧਨ ਕੀਤਾ। ਪਿੰਡ ਠੀਕਰੀਵਾਲਾ ਦੀ ਸਮੂਹ ਸੰਗਤ ਨੇ ਲੰਗਰ ਦੀ ਸੇਵਾ ਨਿਭਾਈ, ਰਾਮ ਸਿੰਘ ਹਠੂਰ ਨੇ ਇਨਕਲਾਬੀ ਗੀਤ ਪੇਸ਼ ਕੀਤੇ।