Barnala: ਵਿਧਾਨ ਸਭਾ ਚੋਣਾਂ ’ਚ ਵੀ ‘ਆਪ’ ਦੀ ਜਿੱਤ ਹੋਵੇਗੀ: ਮੀਤ ਹੇਅਰ
ਸੰਸਦ ਮੈਂਬਰ ਵੱਲੋਂ ਬਰਨਾਲਾ ਨਗਰ ਨਿਗਮ ਦੀ ਪਲੇਠੀ ਚੋਣ ਦੇ ਜੇਤੂਆਂ ਨਾਲ ਮੁਲਾਕਾਤ
ਨਵੇਂ ਬਣੇ ਬਰਨਾਲਾ ਨਗਮ ਨਿਗਮ ਦੀਆਂ ਪਲੇਠੀਆਂ ਚੋਣਾਂ ਦੇ ਜੇਤੂ ‘ਆਪ’ ਉਮੀਦਵਾਰਾਂ ਨਾਲ ਇੱਥੇ ਬਰਨਾਲਾ ਕਲੱਬ ਵਿੱਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਹਿਲੀ ਮਿਲਣੀ ਕੀਤੀ ਅਤੇ ਮੁਬਾਰਕਬਾਦ ਦਿੱਤੀ। ਇਸ ਉਪਰੰਤ ਮੀਡੀਆ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਇਹ ਚੋਣਾਂ ਆਗਾਮੀ ਵਿਧਾਨ ਸਭਾ ਚੋਣਾਂ 2027 ਦਾ ਸੈਮੀ-ਫਾਈਨਲ ਸਨ, ਜਿਨ੍ਹਾਂ ’ਚ ਪਾਰਟੀ ਦੀ ਹੂੰਝਾਫੇਰੂ ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ 2027 ’ਚ ਵੀ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਯਕੀਨੀ ਤੌਰ ’ਤੇ ਬਣੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਸਮੇਤ ਸੂਬੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਦੇ ਚਾਰ ਸਾਲਾਂ ਦੇ ਵਿਕਾਸ ਕਾਰਜਾਂ ’ਤੇ ਮੋਹਰ ਲਗਾਈ ਹੈ। ਮੀਤ ਹੇਅਰ ਨੇ ਬਰਨਾਲਾ ਦੇ ਵੋਟਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।
ਵਿਰੋਧੀਆਂ ਨੂੰ ਸ਼ੀਸ਼ਾ ਦਿਖਾਉਂਦਿਆਂ ਉਨ੍ਹਾਂ ਕਿਹਾ ਕਿ ‘ਆਪ’ ਨੂੰ ਇਕੱਲੇ ਬਰਨਾਲਾ ਸ਼ਹਿਰ ਵਿੱਚੋਂ ਕਰੀਬ 46.47 ਫ਼ੀਸਦੀ ਵੋਟਾਂ ਮਿਲੀਆਂ ਹਨ, ਜਦੋਂਕਿ ਦੂਜੇ ਨੰਬਰ ’ਤੇ ਰਹੀ ਕਾਂਗਰਸ ਨੂੰ 16 ਫ਼ੀਸਦੀ, ਭਾਜਪਾ ਨੂੰ 12.48 ਫ਼ੀਸਦੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿਰਫ਼ 11 ਫ਼ੀਸਦੀ ਵੋਟਾਂ ਹੀ ਮਿਲ ਸਕੀਆਂ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀ ਸਾਂਝੀ ਵੋਟ ਪ੍ਰਤੀਸ਼ਤ 39 ਫ਼ੀਸਦੀ ਵੀ ‘ਆਪ’ ਨਾਲੋਂ 7 ਫ਼ੀਸਦੀ ਘੱਟ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਸਾਰੇ ਵਾਰਡਾਂ ’ਚ ਚੋਣਾਂ ਲੜਾਉਣ ਲਈ 50 ਬੰਦੇ ਵੀ ਨਹੀਂ ਮਿਲੇ। ਭਾਜਪਾ ਨੇ 27, ਅਕਾਲੀ ਦਲ ਨੇ 27 ਅਤੇ ਕਾਂਗਰਸ ਨੇ 39 ਉਮੀਦਵਾਰ ਖੜ੍ਹੇ ਕੀਤੇ ਸਨ। ਉਨ੍ਹਾਂ ਦੱਸਿਆ ਕਿ ਧਨੌਲਾ ਦੇ ਅੰਦਰ ਵਿਰੋਧੀਆਂ ਨੇ ਸਾਂਝੇ ਉਮੀਦਵਾਰ ਖੜ੍ਹੇ ਕੀਤੇ ਸਨ, ਫਿਰ ਵੀ 13 ਵਿੱਚੋਂ 8 ਸੀਟਾਂ ‘ਆਪ’ ਨੇ ਜਿੱਤੀਆਂ ਅਤੇ ਬਾਕੀ ਪਾਰਟੀਆਂ ਦਾ ਖਾਤਾ ਤੱਕ ਨਹੀਂ ਖੁੱਲ੍ਹਿਆ।
ਵਿਰੋਧੀਆਂ ਦੇ ਦੋਸ਼ ਨਕਾਰੇ
ਵਿਰੋਧੀਆਂ ਵੱਲੋਂ ਧੱਕੇਸ਼ਾਹੀ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਮੀਤ ਹੇਅਰ ਨੇ ਕਿਹਾ ਕਿ ਚੋਣਾਂ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਵੀਡੀਓਗ੍ਰਾਫੀ ਦੀ ਨਿਗਰਾਨੀ ਹੇਠ ਹੋਈਆਂ ਹਨ। ਹਰ ਪੋਲਿੰਗ ਸਟੇਸ਼ਨ ’ਤੇ ਚਾਰ ਮੁਲਾਜ਼ਮ ਤਾਇਨਾਤ ਸਨ, ਵੋਟਰ ਆਈ ਡੀ ਦੀ ਜਾਂਚ, ਰਜਿਸਟਰ ’ਤੇ ਦਸਤਖ਼ਤ ਅਤੇ ਹਰ ਘੰਟੇ ਦੀ ਰਿਪੋਰਟ ਐੱਸ ਡੀ ਐੱਮ ਦਫ਼ਤਰ ਭੇਜੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਵੱਡੇ ਆਗੂ, ਸਿਟਿੰਗ ਐੱਮ ਐੱਲ ਏ ਅਤੇ ਹਲਕਾ ਇੰਚਾਰਜ ਆਪਣੇ ਹੀ ਵਾਰਡਾਂ ਵਿੱਚੋਂ ਹਾਰ ਗਏ ਹਨ ਤੇ ਹੁਣ ਹਾਰ ਦੇ ਬਹਾਨੇ ਲੱਭ ਰਹੇ ਹਨ।

