ਕਿਸਾਨਾਂ ਦੇ ਘੇਰੇ ਵਿੱਚੋਂ ਬੈਂਕ ਅਧਿਕਾਰੀ ਫ਼ਰਾਰ

ਕਿਸਾਨਾਂ ਦੇ ਘੇਰੇ ਵਿੱਚੋਂ ਬੈਂਕ ਅਧਿਕਾਰੀ ਫ਼ਰਾਰ

ਕੋਟਕ ਮਹਿੰਦਰਾ ਬੈਂਕ ਦਾ ਘਿਰਾਓ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ।

ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਗਸਤ

ਭਾਰਤੀ  ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕੋਟਕ ਮਹਿੰਦਰਾ ਬੈਂਕ ਜਵਾਹਰਕੇ ਦਾ ਘਿਰਾਓ  ਕੀਤਾ ਗਿਆ, ਜਿਸ ਦੌਰਾਨ ਅਧਿਕਾਰੀ, ਬੈਂਕ ਨੂੰ ਜਿੰਦਰਾ ਲਾ ਕੇ ਫਰਾਰ ਹੋ ਗਏ। ਜਥੇਬੰਦੀ ਨੇ  ਦੋਸ਼ ਲਾਇਆ ਕਿ ਪੁਲੀਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਹੋਏ ਲਿਖਤੀ ਸਮਝੌਤੇ ਤੋਂ ਬੈਂਕ ਪ੍ਰਬੰਧਕਾਂ ਵੱਲੋਂ ਭੱਜਿਆ ਜਾ ਰਿਹਾ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ 14 ਅਗਸਤ  ਤੋਂ ਬੈਂਕ ਦਾ ਮੁੜ ਅਣਮਿੱਥੇ ਸਮੇਂ ਦਾ ਘਿਰਾਓ ਕੀਤਾ ਜਾਵੇਗਾ।

ਜਥੇਬੰਦੀ ਦੇ ਜ਼ਿਲ੍ਹਾ  ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮਾਨਸਾ ਨੇੜਲੇ ਪਿੰਡ ਅਕਲੀਆ ਦੇ ਕਿਸਾਨ  ਬਲਵੀਰ ਸਿੰਘ ਵੱਲੋਂ ਇਸ ਬੈਂਕ ਤੋਂ 24 ਲੱਖ ਦੀ ਲਿਮਟ ਬਣਵਾਈ ਹੋਈ ਸੀ ਅਤੇ ਕਿਸਾਨ ਇਸ  ਲਿਮਟ ਦੀ ਕਿਸ਼ਤ ਰੈਗੂਲਰ ਭਰ ਰਿਹਾ ਸੀ, ਪਰ 2018-19 ਵਿੱਚ ਫ਼ਸਲ ਮਾੜੀ ਰਹਿਣ ਕਾਰਨ ਕਿਸਾਨ  ਤੋਂ ਕਿਸ਼ਤ ਨਹੀਂ      ਭਰੀ ਗਈ। ਉਨ੍ਹਾਂ ਕਿਹਾ ਕਿ ਕਿਸਾਨ ਨੇ ਆਪਣੀ ਜ਼ਮੀਨ ਵੇਚ ਕੇ ਜਦੋਂ ਬੈਂਕ ਦਾ  ਕਰਜ਼ਾ ਲਾਹੁਣ ਲਈ ਗੱਲਬਾਤ ਕੀਤੀ ਤਾਂ ਬੈਂਕ ਅਧਿਕਾਰੀਆਂ ਨੇ 22 ਲੱਖ ਰੁਪਏ ਭਰਾ ਕੇ ਕਲੀਅਰੈਂਸ  ਸਰਟੀਫਿਕੇਟ ਦੇਣ ਦੀ ਗੱਲ ਕਹੀ, ਇਸ ’ਤੇ ਕਿਸਾਨ ਨੇ ਆਪਣੀ ਜੱਦੀ ਪੁਸ਼ਤੀ ਜ਼ਮੀਨ ਵੇਚ ਦਿੱਤੀ। ਉਨ੍ਹਾਂ  ਕਿਹਾ ਕਿ ਬੈਂਕ ਨੇ ਜ਼ਮੀਨ ਦਾ ਕਲੀਅਰੈਂਸ ਸਰਟੀਫਿਕੇਟ 15 ਦਿਨਾਂ ਵਿੱਚ ਦੇਣ ਦੀ ਗੱਲ ਕੀਤੀ, ਪਰ  ਅੱਜ ਡੇਢ ਸਾਲ ਤੋਂ ਉਪਰ ਦਾ ਸਮਾਂ ਹੋ ਚੁੱਕਿਆ ਹੈ ਪਰ ਬੈਂਕ ਵੱਲੋਂ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ।

ਜਥੇਬੰਦੀ ਦੇ ਆਗੂ ਮੱਖਣ  ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਥੇਬੰਦੀ ਵੱਲੋਂ ਧਰਨੇ ਦਿੱਤੇ ਚੁੱਕੇ  ਹਨ, ਉਸ ਸਮੇਂ ਪ੍ਰਸ਼ਾਸਨ ਨੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਸੀ, ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਮੁੜ ਜਥੇਬੰਦੀ ਵੱਲੋਂ ਬੈਂਕ ਦਾ ਘਿਰਾਓ ਕਰਨ  ਦਾ ਸੱਦਾ ਦਿੱਤਾ ਗਿਆ ਸੀ,ਪਰ ਬੈਂਕ ਮੁਲਾਜ਼ਮ ਗੱਲਬਾਤ ਕਰਨ ਤੋਂ ਪਾਸਾ ਵੱਟ ਗਏ ਅਤੇ ਬੈਂਕ  ਜਿੰਦਰਾ ਲਗਾ ਕੇ  ਫਰਾਰ ਹੋ ਗਏ। ਇਸ ਮੌਕੇ ਮਹਿੰਦਰ ਭੈਣੀਬਾਘਾ, ਤਾਰਾ ਚੰਦ, ਬਲਵਿੰਦਰ ਸ਼ਰਮਾ, ਰਾਜ ਅਕਲੀਆ, ਕੇਵਲ ਮਾਖਾ ਤੇ ਹਰਦੇਵ ਰਾਠੀ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All