bank employees strike: ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ ਪ੍ਰਦਰਸ਼ਨ
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਰਜ਼ (ਯੂ ਐੱਫ ਬੀ ਯੂ) ਵੱਲੋਂ ਮਾਨਸਾ ਵਿੱਚ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬੈਂਕ ਕਰਮਚਾਰੀਆਂ ਨੇ ਪਰਫਾਰਮੈਂਸ ਲਿੰਕਡ ਇਨਸੈਂਟਿਵ (ਪੀ ਐੱਲ ਆਈ) ਵਿੱਚ ਕੀਤੇ ਜਾ ਰਹੇ ਵਿਤਕਰੇ ਅਤੇ ਹਫ਼ਤੇ...
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਰਜ਼ (ਯੂ ਐੱਫ ਬੀ ਯੂ) ਵੱਲੋਂ ਮਾਨਸਾ ਵਿੱਚ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬੈਂਕ ਕਰਮਚਾਰੀਆਂ ਨੇ ਪਰਫਾਰਮੈਂਸ ਲਿੰਕਡ ਇਨਸੈਂਟਿਵ (ਪੀ ਐੱਲ ਆਈ) ਵਿੱਚ ਕੀਤੇ ਜਾ ਰਹੇ ਵਿਤਕਰੇ ਅਤੇ ਹਫ਼ਤੇ ਵਿੱਚ 5 ਦਿਨ ਬੈਂਕਿੰਗ ਲਾਗੂ ਕਰਨ ਵਿੱਚ ਹੋ ਰਹੀ ਦੇਰੀ ਵਿਰੁੱਧ ਆਵਾਜ਼ ਬੁਲੰਦ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਯੂਨੀਅਨਾਂ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਵਿਚਕਾਰ ਹੋਏ ਸਮਝੌਤੇ ਦੀ ਭਾਵਨਾ ਅਨੁਸਾਰ ਪੀ ਐੱਲ ਆਈ ਦਾ ਲਾਭ ਸਾਰੇ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨਿਆਂਸੰਗਤ ਅਤੇ ਬਿਨਾਂ ਕਿਸੇ ਭੇਦਭਾਵ ਦੇ ਮਿਲਣਾ ਚਾਹੀਦਾ ਹੈ, ਪਰ ਮੌਜੂਦਾ ਵਿਵਸਥਾ ਤਹਿਤ ਸਕੇਲ-3 ਤੱਕ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਸਿਰਫ਼ 15 ਦਿਨਾਂ ਦੀ ਬੇਸਿਕ ਪੇਅ ਦੇ ਆਧਾਰ ’ਤੇ ਪੀ ਐੱਲ ਆਈ ਦਿੱਤੀ ਜਾ ਰਹੀ ਹੈ ਜਦੋਂਕਿ ਸਕੇਲ-4 ਅਤੇ ਉਸ ਤੋਂ ਉੱਪਰਲੇ ਅਧਿਕਾਰੀਆਂ ਲਈ ਕਾਫ਼ੀ ਵੱਧ ਲਾਭ ਅਤੇ ਵੱਖਰਾ ਫਾਰਮੂਲਾ ਲਾਗੂ ਕੀਤਾ ਗਿਆ ਹੈ। ਪ੍ਰਦਰਸ਼ਨ ਦੌਰਾਨ ਹਫ਼ਤੇ ਵਿੱਚ 5 ਦਿਨ ਬੈਂਕਿੰਗ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਤੁਰੰਤ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਇਸ ਮਾਮਲੇ ’ਤੇ ਯੂਨੀਅਨਾਂ ਅਤੇ ਬੈਂਕ ਪ੍ਰਬੰਧਨ ਵਿਚਕਾਰ ਸਹਿਮਤੀ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਨੂੰ ਲਾਗੂ ਕਰਨ ਵਿੱਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ, ਜੋ ਬੈਂਕ ਕਰਮਚਾਰੀਆਂ ਨਾਲ ਨਿਆਂ ਨਹੀਂ ਹੈ। ਇਸ ਮੌਕੇ ਵਰਿੰਦਰ ਕੁਮਾਰ, ਨਿਰਪਾਲ ਸਿੰਘ, ਵਿਕਾਸ ਕੁਮਾਰ, ਨੀਤਿਨ ਗਰਗ, ਸੰਜੀਵ ਕੁਮਾਰ, ਪ੍ਰਵੀਨ ਕੁਮਾਰ, ਚੰਦਨ ਗਰਗ, ਪ੍ਰਿੰਸ ਕੁਮਾਰ ਨੇ ਵੀ ਸੰਬੋਧਨ ਕੀਤਾ।
ਧਰਮਕੋਟ (ਹਰਦੀਪ ਸਿੰਘ): ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਬੈਨਰ ਹੇਠ ਵੱਖ-ਵੱਖ ਬੈਂਕਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਅੱਜ ਮੋਗਾ ਸੈਂਟਰ ਵਿੱਚ ਹੜਤਾਲ ਵਿੱਚ ਹਿੱਸਾ ਲਿਆ। ਇਸ ਮੌਕੇ ਬੈਂਕਾਂ ਦੇ ਯੂਨੀਅਨ ਆਗੂਆਂ ਅਮਿਤ ਸਹਿਗਲ, ਸੰਜੀਵ ਸ਼ਰਮਾ, ਅਭਿਸ਼ੇਕ ਕੁਮਾਰ, ਇਕਵੰਤ ਸਿੰਘ, ਮਨਦੀਪ ਸੁਆਮੀ, ਹਰਵਿੰਦਰ ਸਿੰਘ, ਜਗਤਾਰ ਸਿੰੰਘ, ਗੁਰਪ੍ਰਮਿੰਦਰ ਸਿੰਘ, ਜਗਤਾਰ ਸਿੰਘ ਮਖੂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਹੜਤਾਲ ਦਾ ਮੁੱਖ ਮੁੱਦਾ ਲੰਮੇ ਸਮੇਂ ਤੋਂ ਚਲਦੀ ਆ ਰਹੀ 5 ਰੋਜ਼ਾ ਬੈਂਕਿੰਗ ਅਤੇ ਪੀ ਐੱਲ ਆਈ ਪ੍ਰਮੁੱਖ ਹਨ। ਆਗੂਆਂ ਕਿਹਾ ਕਿ ਜੇ ਇਸ ਹੜਤਾਲ ਨਾਲ ਮਸਲਾ ਹੱਲ ਨਾ ਹੋਇਆ ਤਾਂ ਆਉਣ ਵਾਲੀ 28, 29, 30 ਸਤੰਬਰ ਨੂੰ ਲਗਾਤਾਰ ਤਿੰਨ ਦਿਨਾਂ ਦੀ ਹੜਤਾਲ ਹੋਵੇਗੀ।
ਪਿੰਡਾਂ ਤੋਂ ਆਏ ਲੋਕ ਖ਼ੁਆਰ ਹੋ ਕੇ ਪਰਤੇ
ਮਮਦੋਟ (ਜਸਵੰਤ ਸਿੰਘ ਥਿੰਦ): ਬੈਂਕ ਕਰਮਚਾਰੀਆਂ ਵੱਲੋਂ ਅੱਜ ਕੀਤੀ ਹੜਤਾਲ ਦੇ ਚੱਲਦਿਆਂ ਕਸਬਾ ਮਮਦੋਟ ਸਣੇ ਇਲਾਕੇ ਦੇ ਸਾਰੇ ਬੈਂਕ ਬੰਦ ਰਹੇ। ਪਿੰਡਾਂ ਤੋਂ ਲੋਕ ਆਪਣੇ ਕੰਮ ਲਈ ਆਏ ਪਰ ਬੈਂਕਾਂ ਦੀ ਹੜਤਾਲ ਦਾ ਪਤਾ ਚੱਲਣ ’ਤੇ ਖ਼ੁਆਰ ਹੋ ਕੇ ਪਰਤ ਗਏ। ਜ਼ਿਕਰਯੋਗ ਹੈ ਕਿ ਅੱਜ ਬੈਂਕ ਕਰਮਚਾਰੀਆਂ ਦੀ ਹੜਤਾਲ ਕਾਰਨ, ਭਲਕੇ ਦੂਜਾ ਸ਼ਨਿੱਚਰਵਾਰ ਅਤੇ ਪਰਸੋਂ ਐਤਵਾਰ ਹੋਣ ਕਾਰਨ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣਗੇ।

