ਕੌਮੀ ਮਾਰਗ ’ਤੇ ਵਾਹਨ ਖੜ੍ਹੇ ਕਰਨ ’ਤੇ ਪਾਬੰਦੀ
ਭਾਰਤੀ ਸਿਵਲ ਸੁਰੱਖਿਆ ਕੋਡ, 2023 ਦੀ ਧਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਜਿਸਟਰੇਟ ਰਾਜਿੰਦਰ ਕੁਮਾਰ ਨੇ ਉਪ ਮੰਡਲ ਸਿਰਸਾ ਦੇ ਅਧਿਕਾਰ ਖੇਤਰ ਵਿੱਚ ਨੈਸ਼ਨਲ ਹਾਈ ਵੇਅ ’ਤੇ ਅਣਅਧਿਕਾਰਤ ਤੌਰ ’ਤੇ ਵਾਹਨ ਖੜ੍ਹੇ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਿਰਸਾ ਸਬ-ਮੰਡਲ ਖੇਤਰ ਵਿੱਚ ਕੌਮੀ ਮਾਰਗ ’ਤੇ ਭਾਰੀ ਵਾਹਨ ਚਾਲਕ ਸੜਕ ਦੇ ਕਿਨਾਰੇ ਅਣਅਧਿਕਾਰਤ ਥਾਵਾਂ ’ਤੇ ਆਪਣੇ ਟਰੱਕ ਅਤੇ ਹੋਰ ਚਾਰ ਪਹੀਆ ਵਾਹਨ ਪਾਰਕ ਕਰਦੇ ਹਨ ਜਾਂ ਰੋਕਦੇ ਹਨ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ। ਅਜਿਹੀ ਅਣਅਧਿਕਾਰਤ ਪਾਰਕਿੰਗ ਜਨਤਕ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ, ਖਾਸ ਕਰਕੇ ਧੁੰਦ ਵਾਲੇ ਮੌਸਮ ਦੌਰਾਨ, ਅਤੇ ਸੜਕ ਹਾਦਸੇ ਅਤੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਿਰਸਾ ਸਬ-ਮੰਡਲ ਦੀ ਸੀਮਾ ਦੇ ਅੰਦਰ ਕੌਮੀ ਮਾਰਗ ਦੇ ਕਿਸੇ ਵੀ ਹਿੱਸੇ ’ਤੇ ਟਰੱਕਾਂ ਅਤੇ ਹੋਰ ਚਾਰ ਪਹੀਆ ਵਾਹਨਾਂ ਨੂੰ ਕਿਤੇ ਵੀ ਖੜ੍ਹਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
