ਪੱਤਰ ਪ੍ਰੇਰਕ
ਟੱਲੇਵਾਲ, 27 ਅਗਸਤ
ਪਿੰਡ ਟੱਲੇਵਾਲ ਖੁਰਦ ਨਾਲ ਸਬੰਧਿਤ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਅੰਮ੍ਰਿਤ ਸਿੰਘ ਨੱਤ ‘ਤੇ ਸੀਸੀਟੀਵੀ ਕੈਮਰੇ ਕਾਰਨ ਝੂਠਾ ਪਰਚਾ ਹੋਣ ਤੋਂ ਬਚਾਅ ਹੋ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਘਰ ‘ਚ ਮੌਜੂਦ ਸੀ। ਬੱਚੇ ਬਾਹਰ ਗਏ ਹੋਏ ਸਨ। ਇਸੇ ਦੌਰਾਨ ਪਿੰਡ ‘ਚ ਭਿਖਾਰਨ ਰੱਖੜੀਆਂ ਕਰਕੇ ਭੀਖ ਮੰਗ ਰਹੀ ਸੀ। ਜਿਸ ਨੇ ਉਸ ਦੇ ਪੁੱਤਰ ਦੇ ਘਰ ਦਾ ਕੁੰਡਾ ਚੋਰੀ ਦੀ ਨੀਅਤ ਨਾਲ ਖੋਲ੍ਹਣਾ ਚਾਹਿਆ ਤਾਂ ਕੁੱਤੀ ਭੌਂਕਣ ‘ਤੇ ਉਹ ਆਪਣੇ ਘਰ ਤੋਂ ਬਾਹਰ ਆ ਗਿਆ ਅਤੇ ਉਸ ਔਰਤ ਨੂੰ ਕੁੰਡਾ ਖੋਲ੍ਹਣ ਤੋਂ ਵਰਜਿਆ ਤਾਂ ਔਰਤ ਉਸ ਨਾਲ ਗਾਲੀ-ਗਲੋਚ ਕਰਨ ਲੱਗੀ ਅਤੇ ਮੇਰੇ ਖ਼ਿਲਾਫ਼ ਥਾਣਾ ਟੱਲੇਵਾਲ ਵਿੱਚ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ। ਕਿਸਾਨ ਆਗੂ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਔਰਤ ਨੇ ਕੁੱਟਮਾਰ ਕਰਨ ਤੇ ਕੱਪੜੇ ਪਾੜਨ ਦੇ ਝੂਠੇ ਦੋਸ਼ ਲਗਾ ਦਿੱਤੇ।
ਉਨ੍ਹਾਂ ਦੱਸਿਆ ਕਿ ਸਾਰੀ ਘਟਨਾ ਘਰ ਦੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ ਅਤੇ ਅਤੇ ਕੈਮਰਿਆਂ ਦੀ ਰਿਕਾਰਡਿੰਗ ਥਾਣਾ ਟੱਲੇਵਾਲ ਸਣੇ ਉੱਚ ਅਧਿਕਾਰੀਆਂ ਨੂੰ ਦਿਖਾਈ। ਮਗਰੋਂ ਔਰਤ ਨੇ ਪਿੰਡ ਦੇ ਪੰਚਾਇਤੀ ਆਗੂਆਂ, ਜੱਥੇਬੰਦੀ ਅਤੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਅੱਗੇ ਤੋਂ ਪਿੰਡ ਟੱਲੇਵਾਲ ਵਿਚ ਨਾ ਵੜਨ ਅਤੇ ਬੋਲੇ ਝੂਠ ਸਬੰਧੀ ਮੁਆਫ਼ੀ ਮੰਗ ਲਈ।