ਪਿੰਡ ਠੁੱਲੀਵਾਲ ਦੇ ਇਤਿਹਾਸਕ ਗੁਰਦੁਆਰਾ ਜੰਡਸਰ ਸਾਹਿਬ ਵਿੱਚ ਚੱਲ ਰਹੀ ਸ੍ਰੀ ਅਖੰਡ ਪਾਠਾਂ ਦੀ ਲੜੀ ਦੌਰਾਨ ਇੱਕ ਔਰਤ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮੌਕੇ ’ਤੇ ਮੌਜੂਦ ਪਾਠੀ ਸਿੰਘਾਂ ਅਤੇ ਸੇਵਾਦਾਰਾਂ ਨੇ ਆਪਣੀ ਸੂਝ-ਬੂਝ ਨਾਲ ਘਟਨਾ ਨੂੰ ਤੁਰੰਤ ਨਾਕਾਮ ਕਰਦਿਆਂ ਉਕਤ ਔਰਤ ਅਤੇ ਉਸਦੇ ਸਾਥੀ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਇੱਕ ਔਰਤ ਆਪਣੇ ਨਾਬਾਲਗ ਬੱਚੇ ਸਮੇਤ ਗੁਰਦੁਆਰੇ ਮੱਥਾ ਟੇਕਣ ਲਈ ਆਈ ਸੀ। ਮੱਥਾ ਟੇਕਣ ਤੋਂ ਬਾਅਦ ਉਸ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਅਸਥਾਨ ਨੇੜੇ ਬਣੀ ਖਿੜਕੀ ਰਾਹੀਂ ਬੱਚੇ ਨੂੰ ਅੰਦਰ ਸੁੱਟਣ ਅਤੇ ਖ਼ੁਦ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਪਾਠੀ ਸਿੰਘਾਂ ਨੇ ਤੁਰੰਤ ਆਪਣੇ ਸੂਝ-ਬੂਝ ਨਾਲ ਰੋਕ ਲਗਾਈ ਅਤੇ ਸੇਵਾਦਾਰਾਂ ਦੀ ਮਦਦ ਨਾਲ ਔਰਤ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਨਾਲ ਆਏ ਇੱਕ ਵਿਅਕਤੀ ਨੂੰ ਵੀ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਡੀ ਐੱਸ ਪੀ ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ ਅਤੇ ਐੱਸ ਐੱਚ ਓ ਠੁੱਲੀਵਾਲ ਗੁਰਪਾਲ ਸਿੰਘ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਕਮੇਟੀ ਪ੍ਰਧਾਨ ਗੁਰਸੇਵਕ ਸਿੰਘ ਦੇ ਬਿਆਨਾਂ ’ਤੇ ਸਰਬਜੀਤ ਕੌਰ ਤੇ ਰਾਮ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਥੇਦਾਰ ਧਨੌਲਾ ਮੌਕੇ ’ਤੇ ਪੁੱਜੇ
ਘਟਨਾ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ ਅਤੇ ਧਰਮ ਪ੍ਰਚਾਰ ਕਮੇਟੀ ਮਾਲਵਾ ਇੰਚਾਰਜ ਬਾਬਾ ਬੂਟਾ ਸਿੰਘ ਗੁਰਥੜੀ ਮੌਕੇ ’ਤੇ ਪਹੁੰਚੇ ਅਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਥੇਦਾਰ ਧਨੌਲਾ ਨੇ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਪਿੱਛੇ ਕਿਸੇ ਏਜੰਸੀ ਦਾ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ। ਉਨ੍ਹਾਂ ਗੁਰਦੁਆਰਾ ਕਮੇਟੀ ਨੂੰ 1 ਮਾਰਚ ਨੂੰ ਤਖ਼ਤ ਸਾਹਿਬ ਵਿਖੇ ਬੁਲਾ ਕੇ ਸਪੱਸ਼ਟੀਕਰਨ ਮੰਗਿਆ ਹੈ।

