ਸ਼ਗਨ ਕਟਾਰੀਆ
ਜੈਤੋ, 18 ਅਕਤੂਬਰ
ਇਥੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਅਤੇ ਮੀਤ ਪ੍ਰਧਾਨ ਕਰਮਜੀਤ ਸਿੰਘ ਚੈਨਾ ਦੀ ਅਗਵਾਈ ਹੇਠ ਜੈਤੋ ਨੇੜਲੇ ਪਿੰਡ-ਪਿੰਡ ਰੋਮਾਣਾ ਅਲਬੇਲ ਸਿੰਘ ਦੇ ਰੇਲਵੇ ਸਟੇਸ਼ਨ ’ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਵੱਲੋਂ ਨਾਟਕ ‘ਇਹ ਦੇਸ਼ ਕਿਸੇ ਦੇ ਬਾਪ ਦਾ ਨਹੀ’ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਮਾਣਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋ ਜੈਤੋ ਸਬ-ਡਵੀਜ਼ਨ ਦੇ ਪਿੰਡ ਅਜਿੱਤਗਿੱਲ ਮੱਤਾ ਦੇ ਰੇਲਵੇ ਸਟੇਸ਼ਨ ’ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਰੇਲਵੇ ਸਟੇਸ਼ਨ ਜੈਤੋ ’ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਸਰਬਜੀਤ ਸਿੰਘ ਅਜਿੱਤਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਰਦੂਲ ਸਿੰਘ ਕਾਸਿਮਭੱਟੀ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਸਰਮੁਖ ਸਿੰਘ ਅਜਿੱਤਗਿੱਲ ਦੀ ਅਗਵਾਈ ’ਚ ਸੈਂਕੜੇ ਕਿਸਾਨਾਂ ਨੇ ਰੇਲਵੇ ਲਾਈਨ ’ਤੇ ਧਰਨਾ ਲਾ ਕੇ ਰੇਲਾਂ ਆਵਾਜਾਈ ਠੱਪ ਕੀਤੀ।
ਫਾਜ਼ਿਲਕਾ (ਪਰਮਜੀਤ ਸਿੰਘ): ਇਥੇ ਲਾਏ ਧਰਨ ’ਚ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਤੋਂ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਲਾਧੂਕਾ, ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਮਨਜੀਤ ਸਿੰਘ ਧਨੇਰ, ਮਾਸਟਰ ਬੂਟਾ ਸਿੰਘ, ਲਖਵਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸੰਬੋਧਨ ਕੀਤਾ। ਇਸ ਮੌਕੇ ਰੇਲ ਰੋਕੋ ਪ੍ਰਦਰਸ਼ਨ ਦੌਰਾਨ ਬਠਿੰਡਾ ਤੋਂ ਫਾਜ਼ਿਲਕਾ ਆਈ ਗੱਡੀ ਤੋਂ ਇਲਾਵਾ ਕੋਈ ਵੀ ਗੱਡੀ ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਨਹੀਂ ਹੋਈ। ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੇਲ ਰੋਕੋ ਪ੍ਰਦਰਸ਼ਨ ਨੂੰ ਲੈ ਕੇ ਵੱਡੀ ਗਿਣਤੀ ’ਚ ਪੁਲੀਸ ਕਰਮਚਾਰੀ ਤੈਨਾਤ ਕੀਤੇ ਹੋਏ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਇਥੇ ਰੇਲ ਰੋਕੋ ਪ੍ਰੋਗਰਾਮ ਤਹਿਤ ਸ੍ਰੀ ਮੁਕਤਸਰ ਸਾਹਿਬ ’ਚ ਮੁਕਤਸਰ ਰੇਵਲੇ ਸਟੇਸ਼ਨ ’ਤੇ ਵੱਡੀ ਗਿਣਤੀ ਇਕੱਤਰ ਕਿਸਾਨਾਂ ਨੇ ਧਰਨਾ ਲਗਾਇਆ। ਕੇਂਦਰ ਸਰਕਾਰ ’ਤੇ ਵਰ੍ਹਿਦਆਂ ਕਿਸਾਨਾਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਜਗਦੇਵ ਸਿੰਘ ਕਾਦੀਆਂ, ਜਸਵਿੰਦਰ ਸਿੰਘ ਝਬੇਲਵਾਲੀ, ਸੁਖਦੇਵ ਸਿੰਘ ਬੂੜਾ ਗੁੱਜ਼ਰ, ਜਰਨੈਲ ਸਿੰਘ ਰੋੜਾਂਵਾਲੀ, ਭਿੰਦਰ ਸਿੰਘ ਲੰਬੀ ਢਾਬ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਇਥੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ ਦੀ ਅਗਵਾਈ ਹੇਠ ਰੇਲ ਰੋਕੋ ਪ੍ਰੋਗਰਾਮ ਤਹਿਤ ਸਥਾਨਕ ਲੰਬੀ ਵਾਲੇ ਫਾਟਕਾਂ ’ਤੇ ਧਰਨਾ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਸੰਬੋਧਨ ਕੀਤਾ।
ਮਲੋਟ (ਲਖਵਿੰਦਰ ਸਿੰਘ): ਇਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਵੱਲੋਂ ਰੇਲਵੇ ਟਰੈਕ ’ਤੇ ਧਰਨਾ ਲਗਾਇਆ ਗਿਆ। ਇਸ ਮੌਕੇ ਇੰਦਰਜੀਤ ਸਿੰਘ ਅਸਪਾਲਾਂ ਅਤੇ ਬਲਦੇਵ ਸਿੰਘ ਸ਼ਾਮ ਖੇੜਾ ਆਦਿ ਨੇ ਸੰਬੋਧਨ ਕੀਤਾ।
ਬਰੇਟਾ (ਸਤ ਪ੍ਰਕਾਸ਼ ਸਿੰਗਲਾ): ਅੱਜ ਇਥੇ ਬਰੇਟਾ ਰੇਲਵੇ ਟਰੈਕ ਤੇ ਹਜਾਰਾਂ ਕਿਸਾਨਾਂ ਦੇ ਕਾਫਲੇ ਸਵੇਰੇ ਠੀਕ 10 ਵਜੇ ਹੀ ਇੱਕਠੇ ਹੋਣੇ ਸ਼ੁਰੂ ਹੋਏ ਤੇ ਟਰੈਕ ’ਤੇ ਬੈਠੇ ਕੇ ਰੇਲਵੇ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸਨਗੜ੍ਹ, ਜਿਲ੍ਹਾ ਆਗੂ ਗੁਰਜੰਟ ਸਿੰਘ ਮਘਾਣੀਆਂ, ਬਲਾਕ ਆਗੂ ਤਾਰਾ ਚੰਦ ਬਰੇਟਾ, ਨਿਰਮਲ ਸਿੰਘ ਨਿੰਮਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਜਗਨਾਥ ਸਿੰਘ ਗੋਰਖਨਾਥ, ਬਲਜੀਤ ਕੌਰ ਧਰਮਪੁਰਾ, ਵਸਾਵਾ ਸਿੰਘ, ਦੇਵੀ ਰਾਮ ਰੰਘੜਿਆਲ ਨੇ ਸੰਬੋਧਨ ਕੀਤਾ।
ਮਖੂ (ਲਖਵਿੰਦਰ ਸਿੰਘ): ਇਥੇ ਕਿਸਾਨਾਂ ਨੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਅਗਵਾਈ ਹੇਠ ਮਖੂ ਰੇਲਵੇ ਸਟੇਸ਼ਨ ’ਤੇ ਜਾਮ ਲਾ ਕੇ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਗਈਆਂ।
ਅਜੀਤਵਾਲ (ਗੁਰਪ੍ਰੀਤ ਦੌਧਰ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਵੱਲੋਂ ਅਜੀਤਵਾਲ ਰੇਲਵੇ ਸਟੇਸ਼ਨ ’ਤੇ ਸਵੇਰੇ ਦੱਸ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਲਈ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਨੇ ਸੰਬੋਧਨ ਕੀਤਾ।
ਮਮਦੋਟ (ਜਸਵੰਤ ਸਿੰਘ ਥਿੰਦ): ਇੱਥੇ ਫ਼ਿਰੋਜ਼ਪੁਰ-ਫਾਜ਼ਿਲਕਾ ਰੇਲਵੇ ਲਾਈਨ ’ਤੇ ਰੇਲਵੇ ਸਟੇਸ਼ਨ ਝੋਕ ਟਹਿਲ ਸਿੰਘ ਵਿੱਚ ਕਿਸਾਨ ਸ਼ੰਘਰਸ਼ ਕਮੇਟੀ ਵੱਲੋਂ ਜ਼ੋਨ ਪ੍ਰਧਾਨ ਧਰਮ ਸਿੰਘ ਦੀ ਅਗਵਾਈ ਵਿੱਚ ਧਰਨਾ ਲਾਇਆ ਗਿਆ। ਇਸ ਮੌਕੇ ਕਿਸਾਨ ਆਗੂ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਸੰਬੋਧਨ ਕੀਤਾ।
ਮੰਗਾਂ ਨਾ ਮੰਨਣ ’ਤੇ 26 ਨੂੰ ਲਖਨਊ ਵੱਲ ਕਾਫ਼ਲੇ ਹੋਣਗੇ ਰਵਾਨਾ
ਹੰਢਿਆਇਆ (ਕੁਲਦੀਪ ਸੂਦ): ਇਥੇ ਪਿੰਡ ਖੁੱਡੀ ਕਲਾਂ ਦੇ ਰੇਲਵੇ ਲਾਈਨ ਨੂੰ ਸਵੇਰੇ ਦੱਸ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਜਾਮ ਲਗਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਲਖੀਮਪੁਰ ਕਾਂਡ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਿਆ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ 26 ਅਕਤੂਬਰ ਨੂੰ ਲਖਨਊ ਵਿੱਚ ਭਾਰਤ ਪੱਧਰ ਦੀ ਰੈਲੀ ਲਈ ਹਜ਼ਾਰਾਂ ਮਰਦ-ਔਰਤਾਂ ਨੌਜਵਾਨਾਂ ਅਤੇ ਮਜ਼ਦੂਰਾਂ ਦੇ ਕਾਫਲੇ ਰਵਾਨਾ ਹੋਣਗੇ।
ਔਰਤਾਂ ਨੇ ਵਧ ਚੜ੍ਹ ਕੇ ਲਵਾਈ ਹਾਜ਼ਰੀ
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਇਥੇ ਰਾਮਪੁਰਾ ਦੇ ਰੇਲਵੇ ਦਾ ਚੱਕਾ ਜਾਮ ਕੀਤਾ ਗਿਆ। ਜਿਸ ਵਿੱਚ ਕਿਸਾਨ, ਮਜ਼ਦੂਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਔਰਤਾਂ ਨੇ ਸ਼ਮੂਲੀਅਤ ਕੀਤੀ। ਬੀਐੱਸਐਫ ਦਾ ਅਧਿਕਾਰ ਖੇਤਰ ਵਧਾਉਣ ਸਬੰਧੀ ਮੋਦੀ ਹਕੂਮਤ ਵਿਰੁੱਧ ਸੰਘਰਸ਼ ਦਾ ਸੱਦਾ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੁਖਵਿੰਦਰ ਸਿੰਘ ਭਾਈਰੂਪਾ, ਬੀ ਕੇ ਯੂ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਆਗੂ ਹਰਮੇਸ ਕੁਮਾਰ ਰਾਮਪੁਰਾ ਨੇ ਸੰਬੋਧਨ ਕੀਤਾ।