ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਅਕਤੂਬਰ
ਪਿੰਡਾਂ ’ਚ ਦੁਧਾਰੂ ਪਸ਼ੂਆਂ ਦੀ ਗਿਣਤੀ ਬਹੁਤ ਘਟ ਚੁੱਕੀ ਹੈ, ਪਰ ਰੋਜ਼ਾਨਾ ਕੁਇੰਟਲ ਦੁੱਧ ਸ਼ਹਿਰਾਂ ’ਚ ਸਪਲਾਈ ਹੋ ਰਿਹਾ ਹੈ ਤੇ ਸਿਹਤ ਵਿਭਾਗ ਦੀ ਚੁੱਪ ਵੀ ਸਵਾਲਾਂ ਦੇ ਘੇਰੇ ਵਿਚ ਹੈ। ਚਿੱਟੇ ਰੰਗ ਦੇ ਪਦਾਰਥਾਂ ਦਾ ਕਾਲਾ ਧੰਦਾ ਇਲਾਕੇ ਵਿੱਚ ਜ਼ੋਰਾਂ ਨਾਲ ਚਲ ਰਿਹਾ ਹੈ। ਮਿਲਾਵਟਖੋਰੀ ਨੂੰ ਨੱਥ ਪਾਉਣ ਵਿੱਚ ਸਰਕਾਰ ਪੂਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ। ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਵਸਤਾਂ ਵਿੱਚ ਮਿਲਾਵਟ ਮਨੁੱਖੀ ਸਿਹਤ ਲਈ ਇੱਕ ਵੱਡਾ ਖਤਰਾ ਬਣ ਗਈ ਹੈ।
ਸਹਾਇਕ ਫੂਡ ਸੇਫਟੀ ਅਫ਼ਸਰ ਡਾ. ਜਤਿੰਦਰ ਸਿੰਘ ਵਿਰਕ ਨੇ ਕਿਹਾ ਕਿ ਇਥੇ ਦੁੱਧ ਡੇਅਰੀਆਂ ਤੇ ਮਠਿਆਈ ਦੀਆਂ ਦੁਕਾਨਾਂ ਤੋਂ ਉਤਪਾਦਾਂ ਦੀ ਗੁਣਵੱਤਾ ਪਰਖਣ ਲਈ ਤਿਉਹਾਰਾਂ ਦੇ ਮੱਦੇਨਜ਼ਰ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਕਰੀਬ 40 ਦੁੱਧ ਪਦਾਰਥਾਂ ਦੇ ਨਮੂਨੇ ਫੇਲ੍ਹ ਹੋਏ ਹਨ। ਸਬੰਧਤਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਅਦਾਲਤ ’ਚ ਦੋਸ਼ ਪੱਤਰ ਦਾਇਰ ਕੀਤੇ ਗਏ ਹਨ।
ਸਥਾਨਕ ਬਹੁਮੰਤਵੀ ਨੈਸਲੇ ਫੈਕਟਰੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਨਕਲੀ ਦੁੱਧ ਗੰਭੀਰ ਸਮੱਸਿਆ ਬਣ ਗਿਆ ਹੈ। ਉਨ੍ਹਾਂ ਵੱਲੋਂ ਦੁੱਧ ਉਤਪਾਦਕਾਂ ਦੇ ਘਰਾਂ ਵਿੱਚ ਜਾ ਕੇ ਦੁਧਾਰੂ ਪਸ਼ੂਆਂ ਦੀ ਭੌਤਿਕ ਪੜਤਾਲ ਦੌਰਾਨ ਦੁੱਧ ਕਰੀਬ 30 ਲਿਟਰ ਮਿਲਿਆ ਪਰ ਉਹ ਰੋਜ਼ਾਨਾ 80 ਤੋਂ 100 ਲਿਟਰ ਦੁੱਧ ਸਪਲਾਈ ਕਰ ਰਹੇ ਸਨ। ਅਜਿਹੇ ਦੁੱਧ ਉਤਪਾਦਕਾਂ ਦੀ ਕਾਲੀ ਸੂਚੀ ਤਿਆਰ ਕਰਕੇ ਉਨ੍ਹਾਂ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ ਗਿਆ ਹੈ। ਧਰਮਕੋਟ ਖੇਤਰ ’ਚ ਵੀ ਦੁੱਧ ਦੇ ਨਾਂਅ ’ਤੇ ਚਿੱਟੇ ਤਰਲ ਪਦਾਰਥ ਦਾ ਕਾਲਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ।
ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਹਰੀ-ਚਿੱਟੀ ਕ੍ਰਾਂਤੀ ਆਉਣ ਦੇ ਬਾਵਜੂਦ ਕਿਸਾਨਾਂ ਦੀ ਆਰਥਿਕ ਹਾਲਤ ਮਾੜੀ ਹੀ ਹੁੰਦੀ ਗਈ। ਸਰਕਾਰਾਂ ਨੇ ਕਿਸਾਨਾ ਦੇ ਹਿੱਤਾਂ ਦੀ ਰੱਖਿਆ ਦੀ ਥਾਂ ਅਣਦੇਖੀ ਹੀ ਕੀਤੀ ਹੈ। ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਅਤੇ ਗੁਲਜ਼ਾਰ ਸਿੰਘ ਘਾਲੀ ਨੇ ਕਿਹਾ ਕਿ ਨਕਲੀ ਦੁੱਧ ਕਾਰਨ ਡੇਅਰੀ ਕਾਰੋਬਾਰ ਨੂੰ ਢਾਹ ਲੱਗੀ ਹੈ।