ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਗਸਤ
ਨਸ਼ਿਆਂ ਦੇ ਹੜ੍ਹ ਨੂੰ ਬੰਨ੍ਹ ਮਾਰਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਅਤੇ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੀ ਮੰਗ ਲਈ ਮਾਨਸਾ ਦੇ ਥਾਣਾ ਸਿਟੀ-2 ਸਾਹਮਣੇ ਚੱਲ ਰਿਹਾ ਪੱਕਾ ਮੋਰਚਾ ਅੱਜ 40ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਵਾਅਦਾਖਿਲਾਫ਼ੀ ਇਉਂ ਹੀ ਜਾਰੀ ਰਹੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਸੱਤਾਧਾਰੀ ਧਿਰ ਨੂੰ ਪਿੰਡਾਂ ਵਿੱਚ ਉਵੇਂ ਹੀ ਘੇਰਿਆ ਜਾਵੇਗਾ, ਜਿਵੇਂ ਪਿੰਡਾਂ ਵਿੱਚ ਨੌਜਵਾਨ ਅਕਾਲੀਆਂ ਤੇ ਕਾਂਗਰਸੀਆਂ ਨੂੰ ਘੇਰ ਕੇ ਸਵਾਲ ਪੁੱਛਦੇ ਰਹੇ ਹਨ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਗੂੜ੍ਹੀ ਨੀਂਦ ’ਚੋਂ ਜਗਾਉਣ ਲਈ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਪ੍ਰਚਾਰ ਲਈ ਅੱਜ ਨੌਜਵਾਨਾਂ ਦੀਆਂ ਕਮੇਟੀਆਂ ਪਿੰਡ-ਪਿੰਡ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਸੇ ਤਰ੍ਹਾਂ ਹੀ ਵਾਅਦਾਖਿਲਾਫ਼ੀ ਕਰਦੀ ਰਹੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਦੇਸ਼ ਦੀਆਂ ਹਾਕਮ ਜਮਾਤਾਂ ਦੇਸ਼ ਦੀ ਨੌਜਵਾਨੀ ਨਾਲ ਵੈਰ-ਵਿਰੋਧ ਪਾਲ ਰਹੀਆਂ ਹਨ ਅਤੇ ਨਸ਼ਿਆਂ ਨਾਲ ਉਨ੍ਹਾਂ ਨੂੰ ਬਰਬਾਦ ਕਰਨ ’ਤੇ ਤੁਲੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਲਈ ਪੂੰਜੀਪਤੀਆਂ ਦੀਆਂ ਬੰਦਰਗਾਹਾਂ ਤੋਂ ਨਸ਼ੇ ਦੀਆਂ ਖੇਪਾਂ ਫੜੀਆਂ ਜਾਣ ’ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਇਸੇ ਦੌਰਾਨ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਅੱਜ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਅਤੇ ਬੁਢਲਾਡਾ ਦੇ ਵਿਧਾਇਕ ਪ੍ਰਿੰ. ਬੁੱਧ ਰਾਮ ਚੰਡੀਗੜ੍ਹ ਗਏ ਹੋਣ ਕਾਰਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਦਾਅਵਿਆਂ ਅਤੇ ਵਾਅਦਿਆਂ ਤੋਂ ਜਾਣੂ ਨਹੀਂ ਕਰਵਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਜਦੋਂ ਹੀ ਇਹ ਨੇਤਾ ਚੰਡੀਗੜ੍ਹ ਤੋਂ ਆਉਂਦੇ ਹਨ ਤਾਂ ਇਨ੍ਹਾਂ ਨੂੰ ਪਾਰਟੀ ਦੀ ਨਸ਼ਾ ਮੁਕਤੀ ਨੀਤੀ ਤੋਂ ਜਾਣੂ ਕਰਵਾ ਕੇ ਘਰਾਂ ਨੂੰ ਅਣਮਿਥੇ ਸਮੇਂ ਲਈ ਘੇਰਿਆ ਜਾਵੇਗਾ।
ਇਸ ਮੌਕੇ ਕਾਮਰੇਡ ਨਛੱਤਰ ਸਿੰਘ ਖੀਵਾ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਸੂਬੇਦਾਰ ਭੀਮ ਸਿੰਘ ਗਾਮੀਵਾਲਾ, ਗੁਰਮੁਖ ਸਿੰਘ, ਮਹਿੰਦਰ ਸਿੰਘ ਭੈਣੀਬਾਘਾ, ਮਨਜੀਤ ਸਿੰਘ ਮੀਹਾਂ, ਸੁਖਦੇਵ ਸਿੰਘ ਭੈਣੀਬਾਘਾ, ਜਸਬੀਰ ਕੌਰ ਨੱਤ, ਹਰਮੀਤ ਸਿੰਘ, ਜਸਵੰਤ ਸਿੰਘ ਜਵਾਹਰਕੇ, ਮਨਜੀਤ ਸਿੰਘ, ਅਮਨ ਪਟਵਾਰੀ, ਕੁਲਵਿੰਦਰ ਕਾਲੀ, ਸੁਰਿੰਦਰਪਾਲ, ਪ੍ਰਦੀਪ ਖਾਲਸਾ, ਭਾਨਾ ਸਿੰਘ, ਜਗਦੇਵ ਭੁਪਾਲ, ਦਰਸ਼ਨ ਸਿੰਘ ਕੋਟਫੱਤਾ, ਸੁਖਵੀਰ ਖਾਰਾ ਅਤੇ ਕੇਵਲ ਅਕਲੀਆ ਨੇ ਵੀ ਸੰਬੋਧਨ ਕੀਤਾ।