ਨਿੱਜੀ ਪੱਤਰ ਪ੍ਰੇਰਕ
ਸਿਰਸਾ, 7 ਸਤੰਬਰ
ਕਲੈਰੀਕਲ ਐਸੋਸੀਏਸ਼ਨ ਵੈੱਲਫੇਅਰ ਸੁਸਾਇਟੀ ਨੇ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਵਿਰੋਧ ਵਿੱਚ ਅੱਜ ਸੰਘਰਸ਼ ਦਿਵਸ ਮਨਾਇਆ। ਇਸ ਦੌਰਾਨ ਉਨ੍ਹਾਂ ਮੰਗਾਂ ਪੂਰੀਆਂ ਨਾ ਹੋਣ ’ਤੇ 15 ਸਤੰਬਰ ਨੂੰ ਧੋਖਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਬਜਾਜ ਅਤੇ ਕਾਰਜਕਾਰਨੀ ਮੈਂਬਰ ਰਾਜੇਸ਼ ਭੁੱਕਲ ਨੇ ਦੱਸਿਆ ਕਿ 15 ਅਗਸਤ ਆਜ਼ਾਦੀ ਦਿਵਸ ਦੀ ਰਾਤ ਨੂੰ ਯੂਨੀਅਨ ਵੱਲੋਂ ਨੋ ਵਰਕ-ਨੋ ਪੇਅ ਆਰਡਰ ਰੱਦ ਕਰਨ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਗਈ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਮੁਲਾਜ਼ਮਾਂ ਨੂੰ ਕਈ ਗੱਲਾਂ ਦਾ ਭਰੋਸਾ ਦਿਵਾਇਆ ਸੀ, ਪਰ 20 ਦਿਨ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਹੁਣ ਤੱਕ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਨਾ ਤਾਂ ਸਮੀਖਿਆ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਨਾ ਹੀ ਅਜੇ ਤੱਕ ਸਰਕਾਰ ਨੇ ‘ਨੋ ਵਰਕ-ਨੋ ਪੇ ਆਰਡਰ’ ਰੱਦ ਕੀਤਾ ਹੈ। ਇਸ ਦੌਰਾਨ ਆਗੂ ਗੌਰਵ ਬਜਾਜ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਬੀਤੇ ਦਿਨ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਹੜਤਾਲ ਦੇ 42 ਦਿਨਾਂ ਦੀ ਮਿਆਦ ਨੂੰ ਛੁੱਟੀਆਂ ਵਜੋਂ ਦਰਸਾਇਆ ਗਿਆ ਹੈ, ਜਦੋਂਕਿ ਇੱਕ ਹਫ਼ਤੇ ਦੀ ਛੁੱਟੀ ਅਤੇ ਬਾਕੀ ਦਿਨਾਂ ਨੂੰ ਡਿਊਟੀ ਪੀਰੀਅਡ ਵਜੋਂ ਮੰਨਣ ਦੀ ਸਹਿਮਤੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਮੁਲਾਜ਼ਮ ਮੰਗਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।