ਪੱਤਰ ਪ੍ਰੇਰਕ
ਭੁੱਚੋ ਮੰਡੀ, 1 ਸਤੰਬਰ
ਨਗਰ ਕੌਂਸਲ ਦੇ ਦਫ਼ਤਰ ਵਿੱਚ ਅੱਜ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਦੇਖ-ਰੇਖ ਵਿੱਚ ਕੀਤੀ ਚੋਣ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕੌਂਸਲਰ ਅੰਜਲੀ ਗਰਗ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕੌਂਸਲਰ ਪ੍ਰਕਾਸ਼ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਸ ਚੋਣ ਪ੍ਰਕਿਰਿਆ ਵਿੱਚ ਚੋਣ ਅਧਿਕਾਰੀ ਵਜੋਂ ਨਥਾਣਾ ਦੇ ਨਾਇਬ ਤਹਿਸੀਲਦਾਰ ਮੇਜਰ ਸੁਮਿੱਤ ਸਿੰਘ ਢਿੱਲੋਂ ਸ਼ਾਮਲ ਹੋਏ। ਨਗਰ ਕੌਂਸਲ ਦੇ ਪ੍ਰਧਾਨ ਜੌਨੀ ਬਾਂਸਲ ਨੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲਈ ਅੰਜਲੀ ਗਰਗ ਦਾ ਨਾਮ ਲਿਆ, ਜਿਸ ਦੀ ਤਾਈਦ ਕੌਂਸਲਰ ਪ੍ਰਿੰਸ ਗੋਲਨ ਨੇ ਕੀਤੀ ਅਤੇ ਕੌਂਸਲਰਾਂ ਨੇ ਹੱਥ ਖੜ੍ਹੇ ਕਰ ਕੇ ਸਹਿਮਤੀ ਦਿੱਤੀ। ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੀ ਗੋਨਿਆਨਾ ਮੰਡੀ ਤੋਂ ਬਾਅਦ ਇਹ ਦੂਜੀ ਨਗਰ ਕੌਂਸਲ ਹੈ, ਜਿਸ ’ਤੇ ‘ਆਪ’ ਦਾ ਕਬਜ਼ਾ ਹੈ।
ਵਿਧਾਇਕ ਜਗਸੀਰ ਸਿੰਘ, ‘ਆਪ’ ਦੇ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬਲਜਿੰਦਰ ਕੌਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਜੌਨੀ ਬਾਂਸਲ ਨੇ ਦੋਵਾਂ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਦੀ ਪਤਨੀ ਬੇਅੰਤ ਕੌਰ, ਪੁੱਤਰ ਹਰਸਿਮਰਨ ਸਿੰਘ, ਸਰਕਲ ਪ੍ਰਧਾਨ ਲਖਵੀਰ ਕਾਕਾ, ਵਰਿੰਦਰ ਗਨੂੰ, ਡਾ. ਅਵੀ ਗਰਗ, ਡਾ. ਵਵਿੇਕ ਗਰਗ, ਡਾ. ਸੀਮਾ ਗਰਗ, ਕ੍ਰਿਸ਼ਨ ਗਰਗ, ਡੀਐੱਸਪੀ ਰਛਪਾਲ ਸਿੰਘ, ਈਓ ਨਰਿੰਦਰ ਕੁਮਾਰ ਅਤੇ ਸਮੂਹ ਕੌਂਸਲਰ ਮੌਜੂਦ ਸਨ।