ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਦਸੰਬਰ
ਬੱਧਨੀ ਕਲਾਂ ਦੀ ਅਨਾਜ ਮੰਡੀ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਮੰਗਾਂ ਲਈ ਜਾ ਰਹੀਆਂ ਆਂਗਣਵਾੜੀ ਵਰਕਰਾਂ ਅਤੇ ਪੰਜਾਬ ਪੁਲੀਸ ਭਰਤੀ ਵਿੱਚ ਕਥਿਤ ਧਾਂਦਲੀਆਂ ਦੀ ਜਾਂਚ ਲਈ ਜਾ ਰਹੇ ਕੁਝ ਨੌਜਵਾਨਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।ਪੁਲੀਸ ਦੀ ਸਖਤੀ ਕਾਰਨ ਆਂਗਣਵਾੜੀ ਵਰਕਰ ਦੇ ਸੱਟ ਵੱਜੀ। ਇਸ ਮੌਕੇ ਆਂਗਣਵਾੜੀ ਵਰਕਰਾਂ ਦੁਹਾਈ ਪਾਉਂਦੀਆਂ ਰਹੀਆਂ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਮਿਲਣ ਦਿੱਤਾ ਜਾਵੇ ਪਰ ਪੁਲੀਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਮੌਕੇ ਪੁਲੀਸ ਵੱਲੋਂ ਆਂਗਣਵਾੜੀ ਵਰਕਰਾਂ ਨਾਲ ਖਿੱਚ ਧੂਹ ਕੀਤੀ ਗਈ ਜਿਸ ਦੌਰਾਨ ਕਈ ਆਂਗਣਵਾੜੀ ਵਰਕਰਾਂ ਦੀਆਂ ਚੁੰਨੀਆਂ ਲਹਿ ਗਈਆਂ। ਇਥੇ ਨੇਚਰ ਪਾਰਕ ਵਿਖੇ ਪੰਜਾਬ ਪੁਲੀਸ ਦੀ ਭਰਤੀ‘ਲਈ ਮੈਰਿਟ ਸੂਚੀ ’ਚ ਕਥਿਤ ਧਾਂਦਲੀਆਂ ਖ਼ਿਲਾਫ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਜਾਂਚ ਦੀ ਮੰਗ ਕਰਨ ਲਈ ਇਕੱਠੇ ਹੋਏ ਨੌਜਵਾਨਾ ਨੂੰ ਪੁਲੀਸ ਨੇ ਚੁੱਕ ਲਿਆ। ਸਿਪਾਹੀ ਭਰਤੀ ਲਈ ਅਰਜ਼ੀ ਦੇਣ ਵਾਲੀਆਂ ਮੁਟਿਆਰਾਂ ਤੇ ਨੌਜਵਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੈਰਿਟ ਸੂਚੀ ’ਚ ਗੜਬੜੀ ਦੇ ਗੰਭੀਰ ਦੋਸ਼ ਲਗਾਏ।