Rice Millers Association ਵੱਲੋਂ ਝੋਨੇ ਦੀ ਖ਼ਰੀਦ ਸੋਚ-ਸਮਝ ਕੇ ਕਰਨ ਦਾ ਸੱਦਾ
ਪਿਛਲੇ ਸਾਲ ਦਾ ਚੌਲ ਅਜੇ ਵੀ ਗੁਦਾਮਾਂ ਵਿੱਚ ਪਿਆ; ਐੱਫ ਸੀ ਆਈ ਦੀਆਂ ਨੀਤੀਆਂ ਖ਼ਿਲਾਫ਼ ਰੋਹ
ਪੰਜਾਬ ਰਾਈਸ ਮਿੱਲਰਜ ਐਸੋਸੀਏਸ਼ਨ ਨੇ ਸੂਬੇ ਦੇ ਸ਼ੈੱਲਰ ਮਾਲਕਾਂ ਨੂੰ ਸੁਚੇਤ ਕਰਦਿਆਂ ਆਰਥਿਕ ਸ਼ੋਸ਼ਣ ਤੋਂ ਬਚਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਭੀਖੀ ਵਿੱਚ ਹੋਏ ਸ਼ੈੱਲਰ ਮਾਲਕਾਂ ਦੇ ਭਰਵੇਂ ਇਕੱਠ ਦੌਰਾਨ ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਕਿ ਆਉਣ ਵਾਲੇ ਸੀਜ਼ਨ ਵਿੱਚ ਝੋਨੇ ਦੀ ਖ਼ਰੀਦ ਬਹੁਤ ਹੀ ਸੋਚ-ਸਮਝ ਕੇ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਸੂਬੇ ਵਿੱਚ ਸ਼ੈੱਲਰ ਇੰਡਸਟਰੀ ਬਹੁਤ ਮੰਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ ਕਿਉਂਕਿ ਬਹੁਤੇ ਸ਼ੈੱਲਰਾਂ ਵਿੱਚ ਪਿਛਲੇ ਸਾਲ ਦਾ ਚੌਲ ਅਜੇ ਵੀ ਸਟੋਰ ਪਿਆ ਹੈ, ਜਿਸ ਨੂੰ ਐੱਫ ਸੀ ਆਈ ਵੱਲੋਂ ਹਾਲੇ ਤੱਕ ਆਪਣੇ ਡਿਪੂਆਂ ਵਿੱਚ ਨਹੀਂ ਲਿਆਂਦਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਖ਼ੁਰਾਕ ਨਿਗਮ ਦੇ ਨਿੱਤ ਦਿਨ ਬਦਲਦੇ ਸਖ਼ਤ ਨਿਯਮਾਂ ਕਾਰਨ ਸ਼ੈੱਲਰ ਮਾਲਕਾਂ ਦਾ ਆਰਥਿਕ ਘਾਣ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਮੀ ਕਾਰਨ ਚੌਲਾਂ ਵਿੱਚ ਹੋਈ ਕਟੌਤੀ ਨੂੰ ਪੂਰਾ ਕਰਨ ਲਈ ਜਦੋਂ ਮਾਲਕ ਦੂਜੇ ਸੂਬਿਆਂ ਤੋਂ ਚੌਲ ਬਣਵਾ ਕੇ ਕੋਟਾ ਪੂਰਾ ਕਰਦੇ ਹਨ, ਤਾਂ ਮਾਰਕੀਟ ਕਮੇਟੀਆਂ ਵੱਲੋਂ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ। ਉਨ੍ਹਾਂ ਤੁਲਨਾ ਕਰਦਿਆਂ ਕਿਹਾ ਕਿ ਗੁਆਂਢੀ ਰਾਜ ਹਰਿਆਣਾ ਵਿੱਚ ਸ਼ੈੱਲਰ ਮਾਲਕਾਂ ਨੂੰ ਆਪਣੀ ਕਟੌਤੀ ਪੂਰੀ ਕਰਨ ਦੀ ਖੁੱਲ੍ਹ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਸ ਗੰਭੀਰ ਮਸਲੇ ਦਾ ਛੇਤੀ ਹੱਲ ਨਾ ਕੱਢਿਆ ਤਾਂ ਪੰਜਾਬ ਦੀਆਂ ਲਗਪਗ ਸਾਰੀਆਂ ਇਕਾਈਆਂ ਬੰਦ ਹੋਣ ਦੇ ਕੰਢੇ ਪਹੁੰਚ ਜਾਣਗੀਆਂ। ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਇਸ ਉਦਯੋਗ ਨੂੰ ਬਚਾਉਣ ਲਈ ਕੇਂਦਰ ਸਰਕਾਰ ਕੋਲ ਜ਼ੋਰਦਾਰ ਪੈਰਵਾਈ ਕਰਨ। ਮੀਟਿੰਗ ਵਿੱਚ ਗੁਰਦੀਪ ਸਿੰਘ ਚੀਮਾ, ਸ਼ਾਮ ਲਾਲ ਧਲੇਵਾਂ, ਹਰਬੰਸ ਲਾਲ ਬਾਂਸਲ, ਵਿਸ਼ਾਲ ਗੋਇਲ ਅਤੇ ਦੀਪਕ ਗੋਇਲ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਵੀ ਵਿਚਾਰ ਸਾਂਝੇ ਕੀਤੇ।

