ਐਂਬੂਲੈਂਸ ਤੇ ਟਰਾਲੇ ਦੀ ਟੱਕਰ; ਨਵਜੰਮੇ ਬੱਚੇ ਸਣੇ ਛੇ ਜ਼ਖਮੀ
ਐਂਬੂਲੈਂਸ ਦਾ ਇੱਕ ਪਾਸਾ ਪੂਰੀ ਤਰ੍ਹਾਂ ਨੁਕਸਾਨਿਆ; ਜ਼ਖਮੀਆਂ ’ਚ ਡਰਾਈਵਰ ਵੀ ਸ਼ਾਮਲ
ਜ਼ੱਚਾ-ਬੱਚਾ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਉਣ ਲਈ ਲਿਆ ਰਹੀ ਐਂਬੂਲੈਂਸ ਦੀ ਕੋਟਕਪੂਰਾ ਮੁਕਤਸਰ ਸਾਹਿਬ ਰੋਡ `ਤੇ ਖਾਰਾ ਨਜ਼ਦੀਕ ਟਰਾਲੇ ਨਾਲ ਟੱਕਰ ਹੋ ਗਈ। ਹਾਦਸੇ ’ਚ ਜਾਣ ਕਾਰਨ ਐਬੂਲੈਂਸ ਡਰਾਈਵਰ ਤੇ ਨਵਜੰਮੇ ਬੱਚੇ ਸਮੇਤ 6 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਐਬੂਲੈਂਸ ਦਾ ਇੱਕ ਪਾਸਾ ਪੂਰੀ ਤਰ੍ਹਾਂ ਨੁਕਸਾਨਿਆ ਹੋ ਗਿਆ। ਪੁਲੀਸ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮੁਕਤਸਰ ਸਾਹਿਬ ਦੇ ਪਿੰਡ ਲੱਖੇਵਾਲੀ ਟਿੱਬਾ ਨਿਕਾਸੀ ਜਸਵਿੰਦਰ ਕੌਰ ਦੀ ਡਿਲਿਵਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਹੋਈ ਸੀ, ਜਿਥੇ ਉਸ ਦੀ ਹਾਲਤ ਖਰਾਬ ਹੋਣ ਕਾਰਨ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਈ ਰੈਫਰ ਕੀਤਾ ਗਿਆ। ਇਥੋਂ ਜ਼ੱਚਾ-ਬੱਚਾ ਨੂੰ ਉਸਦੇ ਪਰਿਵਾਰ ਵਾਲੇ ਅਤੇ ਆਸ਼ਾ ਵਰਕਰ 108 ਐਬੂਲੈਂਸ ਰਾਹੀ ਫਰੀਦਕੋਟ ਲਿਆ ਰਹੇ ਸਨ ਕਿ ਖਾਰਾ ਨਜ਼ਦੀਕ ਇਹ ਹਾਦਸਾ ਵਾਪਰ ਗਿਆ। ਪਿੰਡ ਖਾਰਾ ਵਾਸੀ ਹੈਪੀ ਸਿੰਘ ਨੇ ਦੱਸਿਆ ਕਿ ਟੱਕਰ ਹੋਣ ਮਗਰੋਂ ਬੇਕਾਬੂ ਐਂਬੂਲੈਂਸ ਖੇਤਾਂ ਵਿੱਚ ਜਾ ਡਿੱਗੀ, ਜਿਸ ਦੇ ਇੱਕ ਪਾਸੇ ਦੇ ਪੂਰੀ ਤਰ੍ਹਾਂ ਪਰਖੱਚੇ ਉਡ ਗਏ। ਇਸ ਦੌਰਾਨ ਪਿੰਡ ਵਾਲਿਆਂ ਨੇ ਐਬੂਲੈਂਸ ਡਰਾਈਵਰ ਦਲੇਰ ਸਿੰਘ, ਨਵਜੰਮੇ ਬੱਚੇ, ਉਸ ਦੀ ਮਾਂ, ਆਸ਼ਾ ਵਰਕਰ ਅਤੇ ਦੋ ਹੋਰ ਜ਼ਖਮੀਆਂ ਨੂੰ ਐਂਬੂਲੈਂਸ ਵਿਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਥਾਣਾ ਸਦਰ ਕੋਟਕਪੂਰਾ ਦੇ ਏ ਐੱਸ ਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦਾ ਜਾਇਜ਼ਾ ਲੈ ਲਿਆ ਹੈ ਤੇ ਜ਼ਖਮੀਆਂ ਦੇ ਬਿਆਨਾਂ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

