ਅੰਬਾਨੀ-ਅਡਾਨੀ ਦੀਆਂ ਕਠਪੁਤਲੀ ਨੇ ਸਰਕਾਰਾਂ: ਦੁੱਲਮਸਰ

ਅੰਬਾਨੀ-ਅਡਾਨੀ ਦੀਆਂ ਕਠਪੁਤਲੀ ਨੇ ਸਰਕਾਰਾਂ: ਦੁੱਲਮਸਰ

ਬਰਨਾਲਾ ਰੇਲਵੇ ਸਟੇਸ਼ਨ ਮੋਰਚੇ ’ਚ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ| -ਫੋਟੋ: ਬੱਲੀ

ਪ੍ਰਮੋਦ ਕੁਮਾਰ ਸਿੰਗਲਾ

ਸ਼ਹਿਣਾ, 12 ਮਾਰਚ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਮੀਤ ਪ੍ਰਧਾਨ ਲਖਵੀਰ ਸਿੰਘ ਦੁਲਮਸਰ ਨੇ ਇੱਥੇ ਗੱਲਬਾਤ ਕਰਦਿਆਂ ਆਖਿਆ ਕਿ ਪਾਵਰਕੌਮ ਨੇ ਜੀਓ ਕੰਪਨੀ ਨਾਲ ਸੰਧੀ ਕਰਕੇ ਕਿਸਾਨਾਂ ਤੇ ਕਿਸਾਨੀ ਸੰਘਰਸ਼ ਦੇ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਜੀਓ ਕੰਪਨੀ ਦਾ ਬਾਈਕਾਟ ਕੀਤਾ ਹੋਇਆ ਹੈ ਅਤੇ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਦਾਅ ’ਤੇ ਲਾ ਕੇ ਜੀਓ ਦੇ ਸਿਮ ਛੱਡ ਰਹੇ ਹਾਂ ਪਰ ਪਾਵਰਕੌਮ ਨੇ ਅੰਬਾਨੀ-ਅਡਾਨੀ ਨੂੰ ਵਿੱਤੀ ਫਾਇਦੇ ਪਹੁੰਚਾਣ ਲਈ ਹੁਣ ਰਿਲਾਇੰਸ ਜੀਓ ਮੋਬਾਈਲ ਸਿੰਮ ਵਰਤਣ ਦੀ ਤਿਆਰੀ ਖਿੱਚ ਲਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਚਾਹੇ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਇਹ ਸਭ ਅੰਬਾਨੀਆਂ-ਅਡਾਨੀਆਂ ਦੀਆਂ ਕਠਪੁਤਲੀਆਂ ਹਨ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਸਰਕਾਰੀ ਕੰਪਨੀ ਦੇ ਸਿਮ ਛੱਡ ਕੇ ਜੀਓ ਦੇ ਸਿਮ ਲੈਣ ਦਾ ਫੈਸਲਾ ਆਪਣੇ ਆਪ ਇਹ ਸਾਬਤ ਕਰਦਾ ਹੈ ਕਿ ਸਰਕਾਰਾਂ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਗੁਲਾਮ ਹਨ। ਉਨ੍ਹਾਂ ਕਿਹਾ ਕਿ ਜੇ ਪਾਵਰਕੌਮ ਜਾਂ ਸਰਕਾਰ ਨੇ ਇਸ ਸੰਧੀ ਨੂੰ ਨਾ ਤੋੜਿਆ ਤਾਂ ਤਿੱਖਾ ਵਿਰੋਧ ਅਤੇ ਸੰਘਰਸ਼ ਕੀਤਾ ਜਾਵੇਗਾ।

ਬੁਢਲਾਡਾ (ਐੱਨ.ਪੀ. ਸਿੰਘ)  ਇੱਥੇ ਅੱਜ ਸੰਯੁਕਤ ਮੋਰਚੇ ਦੇ 162ਵੇਂ ਦਿਨ ਵਿੱਚ ਦਾਖਲ ਹੋਏ ਸੰਘਰਸ਼ ਨੂੰ ਰਿਲਾਇੰਸ ਪੈਟਰੋਲ ਪੰਪ ਵਾਲੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੁਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਬਲਕਰਨ ਸਿੰਘ ਬੱਲੀ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਹਰਿੰਦਰ ਸਿੰਘ ਸੋਢੀ, ਕੌਰ ਸਿੰਘ ਮੰਡੇਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਵਪਾਰ ਦਾ ਬਾਈਕਾਟ ਕੀਤਾ ਹੋਇਆ ਹੈ, ਉਥੇ ਹੁਣ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ ਪਾਵਰਕੌਮ ਵਿਭਾਗ ਨੂੰ ਜੀਓ ਸਿਮ ਵਰਤਣ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਅਜਿਹਾ ਕਰਨਾ ਕਿਸਾਨੀ ਘੋਲ ਦੀ ਪਿੱਠ ਵਿੱਚ ਛੁਰਾ ਮਾਰ ਦੇਣ ਵਰਗੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨਾਲ ਕੈਪਟਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਤੇ ਅੰਬਾਨੀਆਂ-ਅਡਾਨੀਆਂ ਨਾਲ ਅੰਦਰਖਾਤੇ ਨਿਭਾਈ ਜਾ ਰਹੀ ਯਾਰੀ ਵੀ ਜੱਗ ਜ਼ਾਹਿਰ ਹੋ ਗਈ ਹੈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਦਿੱਲੀ ਦੇ ਬਾਰਡਰਾਂ ’ਤੇ ਹੁਣ ਤੱਕ 300 ਦੇ ਲਗਪਗ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ ਤੇ ਕਿਸਾਨ ਆਪਣੇ ਲੱਖਾਂ ਦਾ ਨੁਕਸਾਨ ਝੱਲ ਕੇ ਵੀ ਬਿਨਾਂ ਖੇਤੀ ਕਾਨੂੰਨ ਵਾਪਿਸ ਕਰਵਾਏ ਘਰਾਂ ਨੂੰ ਮੁੜਨ ਤੋਂ ਇਨਕਾਰੀ ਹਨ। ਜੋ ਆਉਣ ਵਾਲੀ ਗਰਮੀ ਦੀ ਰੁੱਤ ਦਾ ਟਾਕਰਾ ਕਰਨ ਲਈ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਜੀਓ ਨੂੰ ਸਰਕਾਰੀ ਮਹਿਕਮਿਆਂ ’ਚ ਦਾਖ਼ਲਾ ਦੇ ਕੇ ਕਿਸਾਨੀ ਸੰਘਰਸ਼ ਦੇ ਸੱਦਿਆਂ ਨੂੰ ਮਿੱਟੀ ’ਚ ਮਿਲਾਉਣ ਵਾਲਾ ਕਾਰਜ ਕਰ ਵਿਖਾਇਆ ਹੈ।­

15 ਨੂੰ  ਨਿੱਜੀਕਰਨ ਦਾ ਵਿਰੋਧ ਤੇ 26 ਨੂੰ  ਭਾਰਤ ਬੰਦ ਕਰਾਂਗੇ: ਕਿਸਾਨ ਆਗੂ

ਬਰਨਾਲਾ (ਪਰਸ਼ੋਤਮ ਬੱਲੀ) ਸੰਯੁੁਕਤ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ’ਤੇ ਲਗਾਏ ਧਰਨੇ ਦੇ 163ਵੇਂ ਦਿਨ ਅੱਜ ਮੋਰਚੇ ਦੇ ਮਾਰਚ ਮਹੀਨੇ ਦੇ ਪ੍ਰੋਗਰਾਮਾਂ ਨੂੰ  ਸਫਲ ਬਣਾਉਣ ਬਾਰੇ ਚਰਚਾ ਕੀਤੀ| ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁੁਰਦੇਵ ਸਿੰਘ ਮਾਂਗੇਵਾਲ, ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਬਾਬੂ ਸਿੰਘ ਖੁੱਡੀ, ਬਾਰਾ ਸਿੰਘ ਬਦਰਾ ਆਦਿ ਨੇ ਕਿਹਾ ਕਿ ਸੰਯੁੁਕਤ ਮੋਰਚੇ ਨੇ ਮਾਰਚ ਲਈ ਕਈ ਪ੍ਰੋਗਰਾਮ ਉਲੀਕੇ ਹਨ| ਹਾਕਮਾਂ ਵੱਲੋਂ ਲੋਕਾਂ ਦੇ ਟੈਕਸਾਂ ਨਾਲ ਖੜ੍ਹੇ ਕੀਤੇ ਸਰਕਾਰੀ ਅਦਾਰਿਆਂ ਨੂੰ  ਕੌਡੀਆਂ ਦੇ ਭਾਅ ਕਾਰਪੋਰੇਟ ਦੋਸਤਾਂ ਨੂੰ  ਵੇਚਿਆ ਜਾ ਰਿਹਾ ਹੈ| 15 ਮਾਰਚ ਨੂੰ  ਨਿੱਜੀਕਰਨ ਵਿਰੋਧੀ  ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ| ਸੰਯੁੁਕਤ ਮੋਰਚੇ ਨੇ ਟਰੇਡ ਯੂਨੀਅਨਾਂ ਦਾ ਸਾਥ ਦਿੰਦੇ ਹੋਏ ਇਸ ਦਿਨ ਨੂੰ  ਕਾਰਪੋਰੇਟ ਤੇ ਨਿੱਜੀਕਰਨ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ| ਪੰਜਾਬ ਦੀ ਪਰਜਾ ਮੰਡਲ ਕਿਸਾਨ ਲਹਿਰ ਦਾ ਬਹੁੁਤ ਸ਼ਾਨਾਮੱਤਾ ਇਤਿਹਾਸ ਹੈ| 19 ਮਾਰਚ ਇਸ ਲਹਿਰ ਦੇ ਸ਼ਹੀਦਾਂ ਨੂੰ  ਯਾਦ ਕਰਨ ਦਾ ਦਿਵਸ ਹੈ| ਇਸ ਦਿਨ ਨੂੰ  ‘ਮੰਡੀ ਬਚਾਓ, ਖੇਤੀ ਬਚਾਓ’ ਦਿਵਸ ਵਜੋਂ ਮਨਾਇਆ ਜਾਵੇਗਾ| 23 ਮਾਰਚ ਦਾ ਦਿਨ ਸਿਰਮੌਰ ਸ਼ਹੀਦਾਂ ਭਗਤ ਸਿੰਘ, ਰਾਜਗੁੁਰੂ ਤੇ ਸੁੁਖਦੇਵ ਦਾ ਸ਼ਹੀਦੀ ਦਿਵਸ ਹੈ|  26 ਮਾਰਚ ਨੂੰ   ਦਿੱਲੀ ਮੋਰਚੇ ਦੇ ਚਾਰ ਮਹੀਨੇ ਪੂਰੇ ਹੋ ਜਾਣਗੇ ਤੇ ਇਸ ਦਿਨ ਭਾਰਤ ਬੰਦ ਕੀਤਾ ਜਾਵੇਗਾ| 

ਟੌਲ ਪਲਾਜ਼ਾ ਤੇ ਬੈਸਟ ਪ੍ਰਾਈਸ ’ਤੇ ਮੋਰਚੇ ਜਾਰੀ

ਭੁੱਚੋ ਮੰਡੀ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ 163 ਦਿਨਾਂ ਤੋਂ ਬੈਸਟ ਪ੍ਰਾਈਸ ਮਾਲ ਅਤੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਚੱਲ ਰਹੇ ਮੋਰਚੇ ਅੱਜ ਵੀ ਜਾਰੀ ਰਹੇ। ਇਸ ਮੌਕੇ ਕਿਸਾਨਾਂ ਅਤੇ ਔਰਤਾਂ ਨੇ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਰਤੀ ਕ੍ਰਿਪਾਲ ਨਾਟਯਮ ਟੀਮ ਦੇ ਬੱਚਿਆਂ ਨੇ ਜਸਪਾਲ ਮਾਨਖੇੜਾ ਦਾ ਲਿਖਿਆ ਨਾਟਕ ‘ਸਿਕੰਦਰ ਦਾ ਘੋੜਾ’ ਪੇਸ਼ ਕੀਤਾ ਅਤੇ ਰੁਪਿੰਦਰ ਰਿੰਪੀ, ਵੀਰਪਾਲ ਕੌਰ ਅਤੇ ਬਲਵਿੰਦਰ ਫੌਜੀ ਨੇ ਕਿਸਾਨੀ ਗੀਤ ਗਾਏ। ਇਸ ਮੌਕੇ ਆਗੂ ਮੋਠੂ ਸਿੰਘ ਕੋਟੜਾ, ਅਜਮੇਰ ਸਿੰਘ, ਬਲਤੇਜ ਸਿੰਘ, ਮੰਦਰ ਸਿੰਘ ਨਾਗਰਾ ਤੇ ਗੁਰਮੇਲ ਸਿੰਘ ਨਥਾਣਾ ਨੇ ਸੰਯੁਕਤ ਮੋਰਚੇ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਾਰਚ ਮਹੀਨੇ ਦੇ ਐਲਾਨੇ ਸੰਘਰਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦਿੱਲੀ ਜਾ ਕੇ ਆਈਆਂ ਬੀਬੀਆਂ ਦਾ ਧੰਨਵਾਦ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All