ਮਨੋਜ ਸ਼ਰਮਾ/ਰਾਜਿੰਦਰ ਸਿੰਘ ਮਰਾਹੜ
ਬਠਿੰਡਾ/ਭਗਤਾ ਭਾਈ, 14 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਾਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਨ ਨਾਲ ਹਲਕਾ ਰਾਮਪੁਰਾ ਫੂਲ ਦੇ ਨਿਰਾਸ਼ ਅਕਾਲੀ ਵਰਕਰਾਂ ਦੇ ਚਿਹਰਿਆਂ ’ਤੇ ਮੁੜ ਰੌਣਕ ਪਰਤ ਆਈ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਤੇ ਨੂੰਹ ਪਰਮਪਾਲ ਕੌਰ ਸਿੱਧੂ (ਸਾਬਕਾ ਆਈਏਐੱਸ) ਭਾਜਪਾ 'ਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਪਰਮਪਾਲ ਕੌਰ ਸਿੱਧੂ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਸੀ। ਇਨ੍ਹਾਂ ਦਿਨਾਂ 'ਚ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਅਕਾਲੀ ਦਲ ਨੇ ਮਲੂਕਾ ਨੂੰ ਹਲਕਾ ਮੌੜ ਦੀ ਇੰਚਾਰਜੀ ਤੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ। ਉਪਰੰਤ ਸ੍ਰੀ ਮਲੂਕਾ ਖਮੋਸ਼ ਹੋ ਗਏ ਸਨ ਤੇ ਉਨ੍ਹਾਂ ਲੋਕ ਸਭਾ ਚੋਣਾਂ ਦੇ ਪ੍ਰਚਾਰ ’ਚ ਵੀ ਹਿੱਸਾ ਨਹੀਂ ਸੀ ਲਿਆ। ਕਰੀਬ ਪੰਜ ਦਹਾਕੇ ਪਹਿਲਾਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਮਲੂਕਾ ਅਕਾਲੀ ਸਰਕਾਰ 'ਚ ਇਕ ਵਾਰ ਰਾਜ ਤੇ ਦੋ ਵਾਰ ਕੈਬਨਿਟ ਮੰਤਰੀ ਬਣਨ ਤੋਂ ਇਲਾਵਾ ਅਕਾਲੀ ਦਲ ’ਚ ਕਈ ਅਹਿਮ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ। ਘਰ ਵਾਪਸੀ ਤੋਂ ਬਾਅਦ ਗੱਲਬਾਤ ਕਰਦਿਆਂ ਮਲੂਕਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਉਹ ਅਕਾਲੀ ਦਲ ਤੇ ਸਿਆਸੀ ਸਰਗਰਮੀਆਂ ਤੋਂ ਦੂਰ ਰਹੇ ਪਰ ਦਿਲ ਮਾਂ ਅਕਾਲੀ ਦਲ ਲਈ ਹੀ ਧੜਕਦਾ ਰਿਹਾ ਤੇ ਉਨ੍ਹਾਂ ਕਦੇ ਵੀ ਖੁਦ ਨੂੰ ਅਕਾਲੀ ਦਲ ਤੋਂ ਵੱਖ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਪਾਰਟੀ ’ਚ ਮੁੜ ਸਰਗਰਮ ਹੋਣ ਦਾ ਫੈਸਲਾ ਉਨ੍ਹਾਂ ਹਲਕੇ ਦੇ ਵਰਕਰਾਂ ਦੀਆਂ ਭਾਵਨਾਵਾਂ ਤੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਧਿਆਨ 'ਚ ਰੱਖ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਥਕ ਹਿੱਤਾਂ ਲਈ ਅਕਾਲੀ ਦਲ ਨਾਲ ਸਬੰਧਤ ਸਾਰੇ ਹੀ ਆਗੂਆਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਲੋੜ ਹੈ।
ਜਾਣਕਾਰੀ ਅਨੁਸਾਰ ਉਨ੍ਹਾਂ ਦੀ ਵਾਪਸੀ ’ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਬਠਿੰਡਾ ਲ਼ੋਕ ਸਭਾ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਹਲਕਾ ਤਲਵੰਡੀ ਦੇ ਇੰਚਾਰਜ ਰਵੀਪ੍ਰੀਤ ਸਿੱਧੂ, ਹਰਿੰਦਰ ਸਿੰਘ ਹਿੰਦਾ, ਜਗਤਾਰ ਜੱਗਾ ਕਲਿਆਣ, ਰਤਨ ਸ਼ਰਮਾ ਅਤੇ ਸਤਨਾਮ ਭਾਈਰੂਪਾ ਆਦਿ ਨੇ ਉਨ੍ਹਾਂ ਦਾ ਦੀ ਘਰ ਵਾਪਸੀ ਦਾ ਸਵਾਗਤ ਕੀਤਾ।