ਅਕਾਲੀ ਦਲ ਨੂੰ ਕੁਰਸੀ ਨਾਲੋਂ ਕਿਸਾਨਾਂ ਦੇ ਹਿੱਤ ਪਿਆਰੇ: ਮਲੂਕਾ

ਅਕਾਲੀ ਦਲ ਨੂੰ ਕੁਰਸੀ ਨਾਲੋਂ ਕਿਸਾਨਾਂ ਦੇ ਹਿੱਤ ਪਿਆਰੇ: ਮਲੂਕਾ

ਅਕਾਲੀ ਦਲ ਵੱਲੋਂ ਭਗਤਾ ਭਾਈ ਵਿਚ ਲਗਾਏ ਧਰਨੇ ਦੌਰਾਨ ਸਿਕੰਦਰ ਸਿੰਘ ਮਲੂਕਾ।

ਰਾਜਿੰਦਰ ਸਿੰਘ ਮਰਾਹੜ

ਭਗਤਾ ਭਾਈ, 26 ਸਤੰਬਰ

ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀਬਾੜੀ ਬਿੱਲਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਭਗਤਾ ਭਾਈ ਵਿਚ ਹਲਕਾ ਪੱਧਰੀ ਧਰਨਾ ਲਾਇਆ ਗਿਆ। ਇਸ ਵਿਚ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਤੋਂ ਪੁੱਜੇ ਪਾਰਟੀ ਵਰਕਰਾਂ ਨੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। 

ਸਿਕੰਦਰ ਸਿੰਘ ਮਲੂਕਾ ਨੇ ਕਿਸਾਨਾਂ ਦੇ ਹੱਕ ’ਚ ਸਟੈਂਡ ਲੈਂਦਿਆਂ ਸਪੱਸ਼ਟ ਕੀਤਾ ਕਿ ਅਕਾਲੀ ਦਲ ਨੂੰ ਕੁਰਸੀ ਨਾਲੋਂ ਕਿਸਾਨਾਂ ਦੇ ਹਿੱਤ ਪਿਆਰੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨੀ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸ ਲਈ ਕਿਸੇ ਕੁਰਬਾਨੀ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਜੇ ਉਹ ਹੀ ਕਮਜ਼ੋਰ ਹੋ ਗਏ ਤਾਂ ਸਮੁੱਚੇ ਦੇਸ਼ ਦੀ ਆਰਥਿਕਤਾ ਤਹਿਸ-ਨਹਿਸ ਹੋ ਜਾਵੇਗੀ। 

ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਸਤਨਾਮ ਸਿੰਘ ਭਾਈਰੂਪਾ, ਅਜਾਇਬ ਸਿੰਘ ਹਮੀਰਗੜ੍ਹ, ਡਾ. ਜਸਪਾਲ ਸਿੰਘ ਦਿਆਲਪੁਰਾ ਅਤੇ ਗੁਰਮੀਤ ਸਿੰਘ ਸਲਾਬਤਪੁਰਾ ਨੇ ਖੇਤੀ ਸੋਧ ਬਿੱਲਾਂ ਨੂੰ ਕਿਸਾਨ ਮਾਰੂ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਬਿੱਲ ਵਾਪਸ ਲਵੇ। ਇਸ ਮੌਕੇ ਗਗਨਦੀਪ ਗਰੇਵਾਲ, ਰਾਕੇਸ਼ ਭਗਤਾ, ਹਰਿੰਦਰ ਮਹਿਰਾਜ, ਬਾਬਾ ਸੰਤੋਖ ਸਿੰਘ, ਗੁਰਤੇਜ ਚਾਨੀ, ਰੂਪੀ ਕੌਲੌਕੇ, ਗੋਗੀ ਬਰਾੜ ਹਾਜ਼ਰ ਸਨ। 

ਕਿਸਾਨਾਂ ਨੇ ਅਕਾਲੀ ਦਲ ਦੇ ਝੰਡੇ ਪੈਰਾਂ ’ਚ ਰੋਲੇ 

ਮੋਗਾ (ਮਹਿੰਦਰ ਸਿੰਘ ਰੱਤੀਆਂ): ਸੂਬੇ ’ਚ ਖੇਤੀ ਸੋਧ ਬਿੱਲਾਂ ਖ਼ਿਲਾਫ਼ ਕਿਸਾਨ ਅੰਦੋਲਨ ਜ਼ੋਰ ਫੜਨ ਨਾਲ ਬਾਦਲ ਪਰਿਵਾਰ ਨੂੰ ਕਿਸਾਨਾਂ ਦੀ ਹਮਦਰਦੀ ਦੀ ਥਾਂ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਧਨੀ ਕਲਾਂ ਵਿਚ ਖੇਤੀ ਬਿੱਲਾਂ ਦੇ ਵਿਰੋਧ ’ਚ ਧਰਨੇ ਦੌਰਾਨ ਨੌਜਵਾਨ ਕਿਸਾਨਾਂ ਤੇ ਹੋਰਾਂ ਨੇ ਅਕਾਲੀ ਦਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਾਰਟੀ ਦੇ ਝੰਡੇ ਪੈਰਾਂ ਹੇਠ ਰੋਲ ਦਿੱਤੇ।  ਬੱਧਨੀ ਕਲਾਂ ਵਿਚ ਨਿਹਾਲ ਸਿੰਘ ਵਾਲਾ ਰਾਖਵਾਂ ਹਲਕੇ ਤੋਂ ਅਕਾਲੀ ਦਲ ਦੇ ਸੰਭਾਵਿਤ ਉਮੀਦਵਾਰ ਭੂਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਹੇਠ ਖੇਤੀ ਬਿੱਲਾਂ ਖ਼ਿਲਾਫ਼ ਦਿੱਤੇ ਧਰਨੇ  ਦੌਰਾਨ ਰੋਹ ਵਿਚ ਆਏ ਨੌਜਵਾਨ ਕਿਸਾਨਾਂ ਨੇ ਅਕਾਲੀ ਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਈ ਅਕਾਲੀ ਆਗੂਆਂ ਨੇ ਨੌਜਵਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਹੋਰ ਭੜਕ ਗਏ ਅਤੇ ਪਾਰਟੀ ਦੇ ਝੰਡੇ ਪੈਰਾਂ ਹੇਠ ਰੋਲ ਦਿੱਤੇ। ਕਿਸਾਨ ਅੰਦੋਲਨ ਭਖਣ ਬਾਅਦ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਪੈਂਤੜਾ ਵੀ ਕਾਰਗਰ ਸਾਬਤ ਨਹੀਂ ਹੋਇਆ। ਕਿਸਾਨ ਜਥੇਬੰਦੀਆਂ ਦਾ ਆਖਣਾ ਹੈ ਕਿ 2022 ਦੀਆਂ ਚੋਣਾਂ ਦੇ ਵੋਟ ਬੈਂਕ ਲਈ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਨਾਲ ਆਈਆਂ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All