ਪਵਨ ਗੋਇਲ
ਭੁੱਚੋ ਮੰਡੀ, 19 ਸਤੰਬਰ
ਦਸ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦੀ ਸਫਲਤਾ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪਿੰਡ ਲਹਿਰਾ ਮੁਹੱਬਤ ਵਿੱਚ ਰੋਸ ਮਾਰਚ ਕੀਤਾ ਅਤੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ‘ਤੇ ਕੁਝ ਸਮੇਂ ਲਈ ਜਾਮ ਲਗਾ ਕੇ ਮੋਦੀ ਸਰਕਾਰ ਦੀ ਅਰਥੀ ਫੂਕਦਿਆਂ ਨਾਅਰੇਬਾਜ਼ੀ ਕੀਤੀ।
ਪਿੰਡ ਇਕਾਈ ਦੇ ਪ੍ਰਧਾਨ ਰਾਮਪਾਲ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ ਨੇ ਕਿਹਾ ਕਿ ਲੱਖਾਂ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਨੇ ਖੇਤੀ ਬਿੱਲ ਪਾਸ ਕਰ ਦਿੱਤੇ ਹਨ। ਉਨ੍ਹਾਂ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਖ਼ਤਮ ਕਰਨ ‘ਤੇ ਤੁਲੀ ਹੋਈ ਹੈ। ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਛੋਟੀ ਕਿਸਾਨੀ ਬਿੱਲਕੁੱਲ ਤਬਾਹ ਹੋ ਜਾਵੇਗੀ ਅਤੇ ਸਰਕਾਰ ਫਸਲਾਂ ਦੀ ਖਰੀਦ ਕਰਨ ਤੋਂ ਪਿੱਛੇ ਹਟ ਜਾਵੇਗੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 25 ਸਤੰਬਰ ਦੇ ਬੰਦ ਵਿੱਚ ਭਰਵਾਂ ਸਹਿਯੋਗ ਦੇ ਕੇ ਇਸ ਨੂੰ ਸਫ਼ਲ ਬਣਾਉਣ। ਇਸ ਮੌਕੇ ਕਰਮਜੀਤ ਕਰਮੀ, ਸਾਧੂ ਸਿੰਘ, ਜਿਊਣ ਸਿੰਘ, ਦਲਜੀਤ ਸਿੰਘ, ਸੁਖਪਾਲ ਸਿੰਘ, ਸੁਖਜੀਤ ਸਿੰਘ ਅਤੇ ਗੁਰਸੇਵਕ ਸਿੰਘ ਹਾਜ਼ਰ ਸਨ।
ਚਾਉਕੇ (ਰਮਨਦੀਪ ਸਿੰਘ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਰਾਮਪੁਰਾ ਦੇ ਪ੍ਰਧਾਨ ਬਲਵਿੰਦਰ ਸਿੰਘ ਫ਼ੌਜੀ ਦੀ ਅਗਵਾਈ ਵਿੱਚ ਪਿੰਡ ਜੇਠੂਕੇ ਦੇ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸ ਦੇ ਵਿਰੋਧ ਵਜੋਂ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਹਕੂਮਤ ਨੇ ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦੇ ਇਸ ਵਿਰੋਧ ਨੂੰ ਨਜ਼ਰਅੰਦਾਜ਼ ਕੀਤਾ ਤਾਂ ਕੇਂਦਰ ਦੀ ਮੋਦੀ ਹਕੂਮਤ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਬੀਕੇਯੂ ਡਕੌਂਦਾ ਦੀ ਸੂਬਾ ਕਮੇਟੀ ਵੱਲੋਂ ਪਿੰਡਾਂ ’ਚ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜਨ ਦੇ ਸੱਦੇ ’ਤੇ ਅੱਜ ਪਿੰਡ ਜੇਠੂਕੇ ਵਿੱਚ ਕਿਸਾਨਾਂ ਅਤੇ ਨੌਜਵਾਨਾਂ ਵੱਲੋਂ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ। ਇਸ ਮੌਕੇ ਕਿਸਾਨ ਮਹਿੰਦਰ ਸਿੰਘ, ਭਗਵਾਨ ਸਿੰਘ, ਨੌਜਵਾਨ ਰਜਿੰਦਰ ਸਿੰਘ ਪਾਲੀ, ਗਗਨਦੀਪ ਸਿੰਘ ਸਿੱਧੂ, ਬਲਜਿੰਦਰ ਸਿੰਘ ਬਿੰਦੀ, ਮਨਿੰਦਰ ਸਿੰਘ, ਦਲਜੀਤ ਸਿੰਘ ਸ਼ਨੀ, ਵਿੱਕੀ, ਰੂਬੀ, ਅਮਰੀਕ ਸਿੰਘ, ਬੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।
ਆੜ੍ਹਤੀਆ ਐਸੋਸੀਏਸ਼ਨ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਬਠਿੰਡਾ (ਮਨੋਜ ਸ਼ਰਮਾ): ਇੱਥੋਂ ਦੀ ਦਾਣਾ ਮੰਡੀ ਵਿੱਚ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਬੱਬੂ ਦੀ ਅਗਵਾਈ ਹੇਠ ਇਕੱਠੇ ਹੋ ਕੇ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਗਏ ਆਰਡੀਨੈਂਸਾਂ ਨੂੰ ਕਾਲੇ ਕਾਨੂੰਨ ਕਰਾਰ ਦਿੰਦਿਆਂ ਕੇਂਦਰ ਦੀ ਐੱਨ.ਡੀ.ਏ. ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਅਤੇ ਹੋਰ ਬੁਲਾਰਿਆਂ ਨੇ ਕੇਂਦਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਕਿ ਉਹ ਕਿਸਾਨਾਂ ਨਾਲ ਖੜੇ ਹਨ। ਆੜ੍ਹਤੀਆਂ ਨੇ ਐਲਾਨ ਕੀਤਾ 25 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦੇਣ ਲਈ ਵਚਨਬੱਧ ਹਨ ਅਤੇ ਕੋਈ ਆੜ੍ਹਤੀ ਦੁਕਾਨ ਨਹੀਂ ਖੋਲੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਖੇਤੀ ਵਿਰੋਧੀ ਆਰਡੀਨੈਂਸ ਵਾਪਿਸ ਲਏ ਜਾਣ। ਇਸ ਮੌਕੇ ਅਸ਼ੋਕ ਭੋਲਾ ਅਤੇ ਅਨਿਲ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ।
ਸੰਧਵਾਂ ਵੱਲੋਂ ‘ਕਿਸਾਨ ਬਚਾਓ ਪੰਜਾਬ ਬਚਾਓ’ ਮੁਹਿੰਮ ਦਾ ਆਗਾਜ਼਼
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਕੋਟਕਪੂਰਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੈ ਮੋਦੀ ਸਰਕਾਰ ਵੱਲੋਂ ਜਾਰੀ ਖੇਤੀ ਆਰਡੀਨੈਂਸਾਂ ਖ਼ਿਲਾਫ਼ ‘ਕਿਸਾਨ ਬਚਾਓ-ਪੰਜਾਬ ਬਚਾਓ’ ਮੁਹਿੰਮ ਦਾ ਆਗਾਜ਼ ਪਿੰਡ ਸੰਧਵਾਂ ਤੋਂ ਕੀਤਾ। ਇਸ ਤਹਿਤ ਵਿਧਾਇਕ ਸੰਧਵਾਂ ਦੀ ਅਗਵਾਈ ਵਿੱਚ ਟਰੈਕਟਰਾਂ ਦਾ ਕਾਫ਼ਲਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪੁੱਜਾ ਜਿੱਥੇ ਵਿਧਾਇਕ ਸੰਧਵਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਇਨ੍ਹਾਂ ਪੰਜਾਬ ਵਿਰੋਧੀ ਫੈਸਲਿਆਂ ਦਾ ਅਸਰ ਕੇਵਲ ਕਿਸਾਨੀ ’ਤੇ ਹੀ ਨਹੀਂ ਸਮਾਜ ਦੇ ਹਰ ਵਰਗ ਤੇ ਪਵੇਗਾ। ਇਨ੍ਹਾਂ ਆਰਡੀਨੈਂਸਾ ਨਾਲ ਮੰਡੀ ਢਾਂਚਾ ਬਿਲਕੁਲ ਤਬਾਹ ਹੋ ਜਾਵੇਗਾ ਜਿਸ ਨਾਲ ਕਿਸਾਨੀ ਜਿਣਸ ਪ੍ਰਾਈਵੇਟ ਵੱਡੇ ਵਪਾਰੀਆਂ ਦੇ ਰਹਿਮੋ ਕਰਮ ’ਤੇ ਰਹਿ ਜਾਵੇਗੀ।