ਖੇਤੀ ਕਾਨੂੰਨ: ਕੇਸਰੀ ਚੁੰਨੀਆਂ ਨਾਲ ਧਰਨਿਆਂ ’ਚ ਡਟੀਆਂ ਬੀਬੀਆਂ

ਖੇਤੀ ਕਾਨੂੰਨ: ਕੇਸਰੀ ਚੁੰਨੀਆਂ ਨਾਲ ਧਰਨਿਆਂ ’ਚ ਡਟੀਆਂ ਬੀਬੀਆਂ

ਮਾਨਸਾ ਵਿੱਚ ਰੇਲਵੇ ਪਲੇਟ ਫਾਰਮ ’ਤੇ ਕਿਸਾਨਾਂ ਦੇ ਧਰਨੇ ਦੌਰਾਨ ਜੁੜੀਆਂ ਔਰਤਾਂ ਨੂੰ ਸੰਬੋਧਨ ਕਰਦੀ ਹੋਈ ਐਡਵੋਕੇਟ ਬਲਵੀਰ ਕੌਰ। -ਫੋਟੋ: ਸੁਰੇਸ਼

ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਅਕਤੂਬਰ

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨ ਖ਼ਿਲਾਫ਼ ਪੰਜਾਬ ਦਾ ਕਿਸਾਨ ਮੂਹਰਲੀ ਕਤਾਰ ’ਚ ਹੋ ਕੇ ਜੰਗ ਲੜ ਰਿਹਾ ਹੈ। ਖੇਤੀ ਕਾਨੂੰਨ ਖ਼ਿਲਾਫ਼ ਪਹਿਲੀ ਅਕਤੂਬਰ ਤੋਂ  ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਜਾਰੀ ਹੈ। ਇੱਥੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੇ ਘਰ ਅੱਗੇ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਚੱਲ ਰਹੇ ਅਣਮਿੱਥੇ ਸਮੇਂ ਲਈ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਅੱਜ ਸੈਂਕੜੇ ਕਿਸਾਨ ਔਰਤਾਂ ਨੇ ਕੇਸਰੀ ਚੁੰਨੀਆਂ ਲੈ ਕੇ          ਸ਼ਮੂਲੀਅਤ ਕੀਤੀ।

ਕਿਸਾਨ ਔਰਤਾਂ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਸਾਡੇ ਗੱਲ ’ਚ ਫ਼ਾਹਾ ਹਨ, ਜਿੰਨੀ ਦੇਰ ਕਾਨੂੰਨ ਰੱਦ ਨਹੀਂ ਹੁੰਦਾ ਕਿਸਾਨੀ  ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ। ਇਸ ਮੌਕੇ ਸ਼ਹੀਦ ਭਗਤ ਸਿੰਘ ਨਾਟਕ ਕਲਾ ਮੰਚ ਵੱਲੋਂ ਨਾਟਕ ਲੀਰਾ ਖੇਡਿਆ ਗਿਆ। ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ ਅਤੇ ਜੰਗੀਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮੁਲਕ ਖੇਤੀ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਧਾੜਵੀਆਂ ਨੂੰ ਸੌਂਪ ਦੇਣ ਖ਼ਿਲਾਫ਼ ਸੂਬੇ ਦੇ ਨੌਜਵਾਨ ਕਿਸਾਨਾਂ ਤੇ ਬੀਬੀਆਂ ਦੀ ਹਮਾਇਤ ਨਾਲ ਸੰਘਰਸ਼ ਜਿੱਤ ਹਾਸਲ ਕਰੇਗਾ।

ਇੱਥੇ ਮੋਗਾ-ਫ਼ਿਰੋਜਪੁਰ ਕੌਮੀ ਸ਼ਾਹ ਮਾਰਗ ਸਥਿੱਤ ਪਿੰਡ ਡਗਰੂ ਵਿੱਚ ਅਡਾਨੀ ਆਧੁਨਿਕ ਅਨਾਜ ਭੰਡਾਰ ਅੱਗੇ 29ਵੇਂ ਦਿਨ ਜਾਰੀ ਰਿਹਾ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਆਗੂ ਗੁਰਮੀਤ ਸਿੰਘ ਘੱਲਕਲਾਂ,ਗੁਰਦੇਵ ਸਿੰਘ ਕਿਸ਼ਨਪੁਰਾ, ਗੁਰਭਿੰਦਰ ਸਿੰਘ ਕੋਕਰੀ ਕਲਾਂ ਨੇ ਸੰਬੋਧਨ ’ਚ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਾਲੇ ਕਾਨੂੰਨ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ 250 ਤੋਂ ਵੱਧ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ ਅਤੇ 5 ਨਵੰਬਰ ਨੂੰ 12 ਤੋਂ 4 ਵਜੇ ਤੱਕ ਸੂਬੇ’ਚ ਸੜਕਾਂ ਜਾਮ ਕੀਤੀਆਂ ਜਾਣਗੀਆਂ ਤੇ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ।

ਮਾਨਸਾ (ਜੋਗਿੰਦਰ ਸਿੰਘ ਮਾਨ): ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਵਿੱਚ ਮੋਹਰੀ ਰੋਲ ਨਿਭਾਉਣ ਵਾਲੀਆਂ ਮਾਲਵੇ ਦੀਆਂ ਔਰਤਾਂ ਨੇ ਦੇਸ਼ ਵਿੱਚ ਔਰਤਾਂ ਉੱਪਰ ਹੁੰਦੇ ਅੱਤਿਆਚਾਰ ਵਿਰੁੱਧ ਜੰਗ ਤੇਜ਼ ਕਰਨ ਦਾ ਮੁਲਕ ਭਰ ਦੇ ਲੋਕਾਂ ਨੂੰ ਹੋਕਾ ਦਿੱਤਾ ਹੈ। ਮਾਨਸਾ ਦੇ ਰੇਲਵੇ ਪਲੇਟਫਾਰਮ ਉੱਪਰ ਦਿੱਤੇ ਧਰਨੇ ਦੌਰਾਨ ਅੱਜ ਔਰਤਾਂ ਨੇ ਕਿਹਾ ਕਿ ਮੋਦੀ ਤੋਂ ਮੁਲਕ ਦੀ ਗੱਦੀ ਤੋਂ ਪਾਸੇ ਕਰਨ ਲਈ ਮਲਵਈ ਬੀਬੀਆਂ ਦਾ ਸਭ ਤੋਂ ਵੱਡਾ ਰੋਲ ਹੋਵੇਗਾ। 30 ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਾਰੀ ਅਣਮਿੱਥੇ ਸਮੇਂ ਦੇ ਅੰਦੋਲਨ ਤੇ ਧਰਨੇ ਦੇ 29ਵੇਂ ਦਿਨ ਅੱਜ ਦੇਸ਼ ਵਿੱਚ ਔਰਤਾਂ ਅਤੇ ਦਲਿਤਾਂ ਉੱਤੇ ਹੋ ਰਹੇ ਘਿਣਾਉਣੇ ਸਮਾਜਿਕ ਜਬਰ ਅਤੇ ਖਾਸਕਰ ਹਾਥਰਸ ਕਾਂਡ ਦੇ ਵਿਰੋਧ ਨੂੰ ਸਮਰਪਿਤ ਰਿਹਾ।ਧਰਨੇ ਵਿੱਚ ਔਰਤਾਂ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕਰਦਿਆਂ ਮਨੀਸ਼ਾ ਦੇ ਕਾਤਲਾਂ ਅਤੇ ਬਲਤਕਾਰੀਆਂ ਨੂੰ ਬਚਾਉਣ ਲਈ ਵਰਤੇ ਸ਼ਰਮਨਾਕ ਹੱਥ ਕੰਡਿਆਂ ਦੇ ਵਿਰੋਧ ਵਿੱਚ ਯੋਗੀ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਕਾਮਰੇਡ ਜਸਬੀਰ ਕੌਰ ਨੱਤ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਆਗੂ ਐਡਵੋਕੇਟ ਬਲਵੀਰ ਕੌਰ, ਇਸਤਰੀ ਸਭਾ ਦੀ ਸੂਬਾ ਆਗੂ ਐਡਵੋਕੇਟ ਰੇਖਾ ਸ਼ਰਮਾ ਨੇ ਬੱਚੀਆਂ ਅਤੇ ਔਰਤਾਂ ਉੱਤੇ ਹੁੰਦੇ ਜ਼ੁਲਮਾਂ ਦੀ ਨਿੰਦਾ ਕੀਤੀ। ਇਸ ਮੌਕੇ ਨਰਿੰਦਰ ਕੌਰ ਬੁਰਜ ਹਮੀਰਾ, ਬਲਵਿੰਦਰ ਕੌਰ ਬੈਰਾਗੀ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ ਅਤਲਾ ਕਲਾਂ, ਕੁਲਵਿੰਦਰ ਕੌਰ ਅਕਲੀਆਂ, ਜਸਵਿੰਦਰ ਕੌਰ ਮਾਖਾ, ਸੰਦੀਪ ਕੌਰ, ਪੁਸ਼ਪਿੰਦਰ ਕੌਰ ਚੌਹਾਨ, ਏਕਮਜੋਤ ਕੌਰ ਮੰਦਰਾਂ, ਜੀਤ ਕੌਰ ਅਲੀਸ਼ੇਰ, ਦਲੀਪ ਕੌਰ ਹੀਰੋ ਕਲਾਂ ਅਤੇ ਗੁਰਦੀਪ ਸਿੰਘ ਰਾਮਪੁਰਾ ਨੇ ਵੀ ਸੰਬੋਧਨ ਕੀਤਾ।

ਪਰਾਲੀ ਸਾੜਨ ’ਤੇ ਕਾਰਵਾਈ ਦੇ ਹੁਕਮਾਂ ਤੋਂ ਕਿਸਾਨਾਂ ਦਾ ਰੋਹ ਭੜਕਿਆ

ਬਰਨਾਲਾ (ਪਰਸ਼ੋਤਮ ਬੱਲੀ): ਬਰਨਾਲਾ ਰੇਲਵੇ ਸਟੇਸ਼ਨ ਸਮੇਤ ਰਿਲਾਇੰਸ ਪੈਟਰੋਲ ਪੰਪਾਂ ਤੇ ਸਟੋਰਾਂ ਅੱਗੇ ਡਟੇ 30 ਕਿਸਾਨ ਜਥੇਬੰਦੀਆਂ ਦੇ ਸਾਂਝੇ ਫਰੰਟ ਦੇ ਕਾਰਕੁਨਾਂ ਅਤੇ ਕਿਸਾਨਾਂ ਦਾ ਅੱਜ 29ਵੇਂ ਦਿਨ ਰੋਹ ਉਦੋਂ ਹੋਰ ਭੜਕ ਗਿਆ ਜਦੋਂ ਉਨ੍ਹਾਂ ਕੋਲ ਕੇਂਦਰੀ ਸਰਕਾਰ ਦੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੁਰਮਾਨੇ ਤੇ ਸਜ਼ਾ ਦੀ ਵਿਵਸਥਾ ਦੇ ਫੈਸਲੇ ਦੀ ਜਾਣਕਾਰੀ ਮਿਲੀ। ਭਾਜਪਾ ਤੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਹੋਰ ਤਿੱਖੀ ਹੋ ਗਈ। ਕਿਸਾਨਾਂ ਨੇ ਮੋਦੀ ਹਕੂਮਤ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਕਾਨੂੰਨ ਤੇ ਫੁਰਮਾਨ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਬੁਲਾਰਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸੂਬਾ ਪ੍ਰੈਸ ਸਕੱਤਰ ਬਲਵੰਤ ਉੱਪਲੀ, ਦਰਸ਼ਨ ਉੱਗੋਕੇ, ਗੁਰਦੇਵ ਮਾਂਗੇਵਾਲ, ਬੀਕੇਯੂ ਕਾਦੀਆਂ ਜਗਸੀਰ ਸੀਰਾ, ਬਲਵਿੰਦਰ ਸਿੰਘ ਦੁੱਗਲ, ਬੀਕੇਯੂ ਸਿੱਧੂਪੁਰ ਦੇ ਨਛੱਤਰ ਸਿੰਘ ਸਹੌਰ, ਕਰਨੈਲ ਸਿੰਘ ਗਾਂਧੀ, ਬੀਕੇਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ ਆਦਿ ਸ਼ਾਮਿਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All