ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਕਤੂਬਰ
ਮਾਲਵਾ ਖੇਤਰ ਵਿੱਚ ਸਾਰੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਤਿੰਨ ਵਜੇ ਤੋਂ ਬਾਅਦ ਰੇਲਵੇ ਲਾਈਨਾਂ ਤੋਂ ਆਪਣੇ ਧਰਨੇ ਚੁੱਕ ਲਏ ਹਨ ਅਤੇ ਟੈਂਟ ਪੁੱਟ ਲਏ ਹਨ ਤਾਂ ਜੋ ਹੁਣ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਹੋ ਸਕੇ। ਜਥੇਬੰਦੀਆਂ ਨੇ ਆਪਣੇ ਧਰਨੇ ਰੇਲਵੇ ਸਟੇਸ਼ਨਾਂ ਤੇ ਪਲੇਟਫਾਰਮਾਂ ਉਤੇ ਤਬਦੀਲ ਕਰ ਲਏ ਹਨ ਤਾਂ ਜੋ ਰੇਲ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ। ਕਿਸਾਨ ਆਗੂਆਂ ਨੇ ਮੰਚ ਤੋਂ ਦਾਅਵਾ ਕੀਤਾ ਕਿ ਮਾਲਵਾ ਪੱਟੀ ਦੀਆਂ ਸਾਰੀਆਂ ਰੇਲਵੇ ਲਾਈਨਾਂ ਉਪਰ ਲੱਗੇ ਧਰਨੇ ਮੁਲਤਵੀ ਕਰ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ ‘ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਹਰਦੇਵ ਸਿੰਘ ਅਰਸ਼ੀ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੇ ਖਾਦ, ਬਾਰਦਾਨੇ ਦੀ ਕਮੀ ਅਤੇ ਤਾਪਘਰਾਂ ਲਈ ਕੋਇਲੇ ਦੀ ਸਪਲਾਈ ਵਿੱਚ ਆਈ ਖੜੌਤ ਨੂੰ ਲੈ ਕੇ ਇਨ੍ਹਾਂ ਮਾਲ ਗੱਡੀਆਂ ਨੂੰ ਚਲਾਉਣ ਲਈ ਕਲ੍ਹ ਮੀਟਿੰਗ ਕੀਤੀ ਸੀ, ਜਿਸ ਤਹਿਤ ਅੱਜ ਮਾਲ ਗੱਡੀਆਂ ਨੂੰ ਲੰਘਾਉਣ ਲਈ ਟਰੈਕ ਤੋਂ ਕਿਸਾਨ ਧਿਰਾਂ ਨੇ ਆਪਣਾ ਧਰਨਾ ਹਟਾ ਲਿਆ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਅੱਜ ਤੋਂ 5 ਨਵੰਬਰ ਤੱਕ ਪੰਜਾਬ ਵਿੱਚ ਮਾਲ ਗੱਡੀਆਂ ਨੂੰ ਸਪਲਾਈ ਵਾਸਤੇ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਅਗਲੀ ਸਮੀਖਿਆ ਵਾਸਤੇ 4 ਨਵੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਾਂਝੀ ਮੀਟਿੰਗ ਹੋਵੇਗੀ ਅਤੇ 5 ਨਵੰਬਰ ਨੂੰ ਕੌਮੀ ਪੱਧਰ ‘ਤੇ ਚੱਕਾ ਜਾਮ ਕਰਕੇ ਮੋਦੀ ਸਰਕਾਰ ਖਿਲਾਫ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ।
ਬਰਨਾਲਾ(ਪਰਸ਼ੋਤਮ ਬੱਲੀ): ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਸਥਾਨਕ ਰੇਲਵੇ ਸਟੇਸ਼ਨ ‘ਤੇ ਡਟੇ ਕਿਸਾਨਾਂ ਨੇ ਸਾਂਝੇ ਫੈਸਲੇ ਦੀ ਰੌਸ਼ਨੀ ‘ਚ ਮਾਲ ਗੱਡੀਆਂ ਦੀ ਆਵਾਜਾਈ ਨੂੰ ਲਾਂਘਾ ਦੇਣ ਹਿੱਤ 22ਵੇਂ ਦਿਨ ਮੋਰਚਾ ਰੇਲ ਪਟੜੀ ਤੋਂ ਚੁੱਕ ਕੇ ਸਟੇਸ਼ਨ ਦੇ ਪਲੇਟਫਾਰਮ ’ਤੇ ਤੰਬੂ ਲਾ ਲਏ। ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਮੰਚ ਤੋਂ ਮੋਦੀ ਸਰਕਾਰ ਖਿਲਾਫ਼ ਤਿੱਖੀਆਂ ਤਕਰੀਰਾਂ ਤੇ ਨਾਅਰੇਬਾਜ਼ੀ ਕੀਤੀ ਗਈ। ਇਕੱਠ ਨੂੰ ਬੀਕੇਯੂ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ ਆਦਿ ਵੀ ਸੰਬੋਧਨ ਕੀਤਾ।
ਬਠਿੰਡਾ(ਸ਼ਗਨ ਕਟਾਰੀਆ): ਅੰਦੋਲਨ ਦੇ ਤਿੰਨ ਹਫ਼ਤੇ ਬੀਤਣ ’ਤੇ ਵੀ ਕਿਸਾਨ ਮੋਰਚਿਆਂ ਉੱਪਰ ਡਟੇ ਰੋਏ ਹਨ। ਕਿਸਾਨਾਂ ਨੇ ਅੱਜ ਰੇਲ ਪਟੜੀ ਤੋਂ ਧਰਨੇ ਹਟਾ ਕੇ ਸਟੇਸ਼ਨ ਦੇ ਪਲੇਟਫਾਰਮ ’ਤੇ ਲਾ ਲਏ ਹਨ। ਜ਼ਿਲ੍ਹੇ ਦੇ ਰਾਮਪੁਰਾ ਅਤੇ ਭੁੱਚੋ ’ਚ ਭਾਜਪਾ ਆਗੂਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਵੀ ਜਾਰੀ ਹਨ। ਅੰਦੋਲਨਕਾਰੀਆਂ ਨੇ ਕਿਹਾ ਕਿ 30 ਜਥੇਬੰਦੀਆਂ ਦੇ 21 ਅਕਤੂਬਰ ਨੂੰ ਹੋਏ ਫੈਸਲੇ ਤਹਿਤ ਇਹ ਬਦਲਾਓ ਕੀਤਾ ਗਿਆ ਹੈ। ਉਧਰ, ਪੂੰਜੀਪਤੀ ਘਰਾਣਿਆਂ ਦੇ ਟੌਲ ਪਲਾਜ਼ਿਆਂ, ਸ਼ਾਪਿੰਗ ਕੰਪਲੈਕਸਾਂ, ਪੈਟਰੌਲ ਪੰਪਾਂ ’ਤੇ ਵੀ ਧਰਨੇ ਜਾਰੀ ਰਹੇ। ਬੁਲਾਰਿਆਂ ਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ ਰੱਦ ਕਰਨ ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਕਰਨ ਦੀ ਮੰਗ ਕੀਤੀ।
ਕਬੱਡੀ ਖਿਡਾਰੀਆਂ ਨੇ ਵੀ ਸੰਘਰਸ਼ ’ਚ ਪਾਈਆਂ ਰੇਡਾਂ
ਮੋਗਾ(ਪੱਤਰ ਪ੍ਰੇਰਕ): ਇਥੇ ਰੇਲਵੇ ਸਟੇਸ਼ਨ ਉੱਤੇ ਕਿਸਾਨੀ ਸੰਘਰਸ਼ ਨੂੰ ਮੋਢਾ ਦਿੰਦਿਆਂ ਕਬੱਡੀ ਖਿਡਾਰੀ ਗੁਰਮੇਲ (ਦੋਧੀ) ਰੱਜੀਵਾਲਾ ਅਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਵਨ ਮਾਣੂੰਕੇ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿੱਥੇ ਉਹ ਖੇਡ ਮੈਦਾਨਾਂ ਵਿੱਚ ਮੈਚ ਜਿੱਤਣ ਲਈ ਆਪਣੀ ਵਾਹ ਲਗਾਉਂਦੇ ਰਹੇ ਹਨ ਓਸੇ ਤਰ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਉਹ ਕਿਸਾਨਾਂ ਮਜਦੂਰਾਂ ਨਾਲ ਮਿਲ ਕੇ ਮੋਦੀ ਸਰਕਾਰ ਉੱਤੇ ਧਾਵਾ ਬੋਲਣਗੇ।
ਕਿਸਾਨ ਸੰਘਰਸ਼ ਵਿੱਚ ਬੱਚਿਆਂ ਨੂੰ ਚੜਿ੍ਹਆ ਜੋਸ਼
ਨਿਹਾਲ ਸਿੰਘ ਵਾਲਾ(ਰਾਜਵਿੰਦਰ ਰੌਂਤਾ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇੱਥੇ ਰਲਾਇੰਸ ਪੰਪ ਦਾ ਘਿਰਾਉ ਅੱਜ ਚੌਦਵੇਂ ਦਿਨ ਵੀ ਜਾਰੀ ਰਿਹਾ। ਦਿਨ ਰਾਤ ਦੇ ਧਰਨੇ ਵਿੱਚ ਨੌਜਵਾਨ ਅਤੇ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਖਾਸ ਗੱਲ ਇਹ ਕਿ ਬੱਚੇ ਵੀ ਝੰਡੇ ਚੁੱਕ ਕੇ ਨਾਅਰੇ ਮਾਰਦੇ ਦੇਖੇ ਜਾ ਸਕਦੇ ਹਨ। ਉਹ ਸਟੇਜ ਉਪਰ ਚੜ੍ਹ ਕੇ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹਨ।