ਖੇਤੀ ਬਿਲ: ਰੇਲ ਰੋਕੂ ਅੰਦੋਲਨ ਸ਼ੁਰੂ

ਖੇਤੀ ਬਿਲ: ਰੇਲ ਰੋਕੂ ਅੰਦੋਲਨ ਸ਼ੁਰੂ

ਬਰਨਾਲਾ ਵਿੱਚ ਖੇਤੀ ਬਿੱਲਾਂ ਦੇ ਵਿਰੋਧ ’ਚ ਰੇਲ ਪਟੜੀਆਂ ’ਤੇ ਬੈਠੇ ਕਿਸਾਨ। -ਫ਼ੋਟੋ: ਲਖਵੀਰ ਚੀਮਾ

ਜੋਗਿੰਦਰ ਸਿੰਘ ਮਾਨ
ਮਾਨਸਾ 24 ਸਤੰਬਰ

ਖੇਤੀ ਬਿਲਾਂ ਦੇ ਵਿਰੁੱਧ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 24 ਤੋਂ 26 ਸਤੰਬਰ ਵਿਚਕਾਰ ਰੇਲਾਂ ਰੋਕਣ ਲਈ ਸ਼ੁਰੂ ਕੀਤੇ ਸੰਘਰਸ਼ ਦੇ ਪਹਿਲੇ ਦਿਨ ਅੱਜ ਦਿੱਲੀ ਨੂੰ ਜਾਂਦੇ ਸਾਰੇ ਰੇਲਵੇ ਟਰੈਕ ਰੋਕ ਲਏ। ਮਾਨਸਾ ਜ਼ਿਲ੍ਹੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ ਉਪਰ ਧਰਨਾ ਆਰੰਭ ਦਿੱਤਾ ਗਿਆ ਹੈ, ਜਿਸ ਤਹਿਤ ਕਿਸਾਨਾਂ ਨੇ ਰੇਲ ਪਟੜੀਆਂ ਉਪਰ ਬੈਠ ਕੇ ਕੇਂਦਰ ਸਰਕਾਰ   ਵਿਰੁੱਧ ਤੇਜ਼ ਧੁੱਪਾਂ ਦੌਰਾਨ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ     ਮੋਦੀ ਸਰਕਾਰ ਕਿਸਾਨਾਂ ਦੀ ਬਰਬਾਦੀ ਵਾਲੇ ਕਾਨੂੰਨ ਤੁਰੰਤ ਰੱਦ ਕਰੇ।

ਰੇਲ ਪਟੜੀਆਂ ‘ਤੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਨੇ ਸਰਮਾਏਦਾਰੀ ਅੱਗੇ ਗੋਡੇ ਟੇਕ ਕੇ ਕਿਸਾਨਾਂ ਦੀ ਮੌਤ ਦਾ ਰਾਹ ਪੱਧਰਾ ਕਰ ਦਿੱਤਾ ਹੈ ਅਤੇ ਨਵੇਂ ਕਾਨੂੰਨਾਂ ਤਹਿਤ ਹਰ ਫਸਲ ਦੀ ਐਮ.ਐਸ.ਪੀ. ਬੰਦ ਹੋਵੇਗੀ।  ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਉੱਤਮ ਸਿੰਘ ਰਾਮਾਂਨੰਦੀ, ਜਰਨੈਲ ਸਿੰਘ ਟਾਹਲੀਆਂ, ਮੇਜਰ ਸਿੰਘ ਗੋਬਿੰਦਪੁਰਾ, ਜਗਦੇਵ ਸਿੰਘ ਭੈਣੀਬਾਘਾ, ਸਾਧੂ ਸਿੰਘ ਅਲੀਸ਼ੇਰ, ਮੇਜਰ ਸਿੰਘ ਅਕਲੀਆ, ਮਿੱਠੂ ਸਿੰਘ ਦਸੌਂਧੀਆ, ਜੱਗਾ ਸਿੰਘ,ਲੀਲਾ ਸਿੰਘ ਜਟਾਣਾ, ਜਸਵਿੰਦਰ ਕੌਰ ਝੇਰਿਆਂਵਾਲੀ ਨੇ ਵੀ ਸੰਬੋਧਨ ਕੀਤਾ।

ਫ਼ਿਰੋਜ਼ਪੁਰ (ਸੰਜੀਵ ਹਾਂਡਾ):  ਖੇਤੀ ਆਰਡੀਨੈਂਸ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਫ਼ਿਰੋਜ਼ਪੁਰ ਵਿਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਰੇਲ ਟਰੈਕ ’ਤੇ ਧਰਨਾ ਲਾਈ ਰੱਖਿਆ। ਸ਼ੁੱਕਰਵਾਰ ਨੂੰ ਇਸ ਬਿੱਲ ਦੇ ਵਿਰੋਧ ਵਿਚ ਪੂਰਾ ਪੰਜਾਬ ਬੰਦ ਰੱਖਣ ਦਾ ਹੋਕਾ ਦਿੱਤਾ ਗਿਆ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਕਾਫ਼ਲੇ ਦੇ ਰੂਪ ਵਿਚ ਨਗਰ ਅੰਦਰ ਮਾਰਚ ਕੱਢਿਆ ਤੇ ਦੁਕਾਨਦਾਰਾਂ ਨੂੰ ਭਲਕੇ ਆਪਣੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ। ਜ਼ਿਲ੍ਹੇ ਦੇ ਸਾਰੇ ਮੁੱਖ ਮਾਰਗਾਂ ਨੂੰ ਵੀ ਭਲਕੇ ਕਿਸਾਨਾਂ ਵੱਲੋਂ ਧਰਨਾ ਲਾ ਕੇ ਬੰਦ ਰੱਖਿਆ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਵਿਚ ਅੱਜ ਸੈਂਕੜੇ ਕਿਸਾਨਾਂ ਤੇ ਮਜ਼ਦੂਰਾਂ ਨੇ ਬਸਤੀ ਟੈਂਕਾਂ ਵਾਲੀ ਵਿਚੋਂ ਲੰਘਦੇ ਰੇਲਵੇ ਟਰੈਕ ਤੇ ਜਾਮ ਲਾਈ ਰੱਖਿਆ। ਦੂਜੇ ਪਾਸੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਮਹਿਮਾ ਦੀ ਅਗਵਾਈ ਵਿਚ ਨਗਰ ਅੰਦਰ ਰੋਸ ਮਾਰਚ ਕੱਢਿਆ ਗਿਆ ਤੇ ਦੁਕਾਨਦਾਰਾਂ ਨੂੰ ਇਸ ਸੰਘਰਸ਼ ਵਿਚ ਹਮਾਇਤ ਕਰਨ ਦੀ ਅਪੀਲ ਕੀਤੀ ਗਈ। 

ਬਰਨਾਲਾ (ਰਵਿੰਦਰ ਰਵੀ):  ਖੇਤੀ ਬਿੱਲਾਂ ਦਾ ਪੰਜਾਬ ਦੇ ਕਿਸਾਨਾਂ ਵਲੋਂ ਵਿਰੋਧ ਲਗਾਤਾਰ ਜਾਰੀ ਹੈ। ਲਗਾਤਾਰ ਪੰਜਾਬ ਦੇ ਕਿਸਾਨ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ। ਬਰਨਾਲਾ ਦੇ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵਲੋਂ ਬਠਿੰਡਾ-ਅੰਬਾਲਾ ਰੇਲਵੇ ਮਾਰਗ ਜਾਮ ਕਰਕੇ ਤਿੰਨ ਦਿਨ-ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਕਿਸਾਨਾਂ ਵਲੋਂ ਟੈਂਟ ਲਗਾ ਕੇ ਤਿੰਨ ਦਿਨਾਂ ਦੇ ਪੱਕੇ ਪ੍ਰਬੰਧਾਂ ਤਹਿਤ ਇਹ ਧਰਨਾ ਲਗਾਇਆ ਗਿਆ ਹੈ। ਪਹਿਲੇ ਦਿਨ ਵੱਡੀ ਗਿਣਤੀ ‘ਚ ਕਿਸਾਨ, ਨੌਜਵਾਨ ਅਤੇ ਔਰਤਾਂ ਇਸ ਧਰਨੇ ਵਿੱਚ ਸ਼ਾਮਲ ਹੋਈਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਬਲੌਰ ਸਿੰਘ ਛੰਨਾ, ਰੂਪ ਸਿੰਘ, ਦਰਸ਼ਨ ਸਿੰਘ, ਜਰਨੈਲ ਸਿੰਘ ਬਦਰਾ ਅਤੇ ਕਮਲਜੀਤ ਕੌਰ ਨੇ ਕਿਹਾ ਕਿ ਖੇਤੀ ਬਿੱਲ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ ਜਿਸ ਕਰਕੇ ਪੰਜਾਬ ਦੇ ਕਿਸਾਨ ਪਹਿਲੇ ਦਿਨ ਤੋਂ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਕੇਂਦਰ ਸਰਕਾਰ ਵਲੋਂ ਭਾਵੇਂ ਇਹ ਬਿੱਲ ਸੰਸਦ ਵਿੱਚ ਪਾਸ ਕਰ ਦਿੱਤੇ ਗਏ ਹਨ, ਪਰ ਇਹਨਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਹਨਾਂ ਬਿੱਲਾਂ ਦੇ ਵਿਰੋਧ ‘ਚ 7 ਦਿਨ ਪਿੰਡ ਬਾਦਲ ਅਤੇ ਪਟਿਆਲਾ ਵਿਖੇ ਮੋਰਚੇ ਲਗਾਏ ਗਏ ਹਨ। 

ਮੋਗਾ (ਮਹਿੰਦਰ ਸਿੰਘ ਰੱਤੀਆਂ): ਖੇਤੀ ਬਿੱਲਾਂ ਖ਼ਿਲਾਫ਼ ਭਲਕੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਝੰਡਾ ਮਾਰਚ ਕੀਤਾ। ਕਿਸਾਨਾਂ ਨੇ ਬਾਜ਼ਾਰਾਂ ਵਿੱਚ ਜਾ ਕੇ ਹਰ ਇੱਕ ਦੁਕਾਨਦਾਰ ਨੂੰ ਬੰਦ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ, ਉਥੇ ਦੁਕਾਨਦਾਰਾਂ ਨੇ ਵੀ ਇਸ ਬੰਦ ਵਿੱਚ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਜਥੇਬੰਦੀ ਆਗੂ ਬਲੌਰ ਸਿੰਘ ਘੱਲ ਕਲਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਬਾਜ਼ਾਰ, ਆਵਾਜਾਈ ਮੁੱਕਮਲ ਬੰਦ ਰੱਖੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ  ਕੋਈ ਵੀ ਬਾਹਰ ਜਾਣ ਦਾ ਪ੍ਰੋਗਰਾਮ ਨਾ ਬਣਾਉਣ ਤਾਂ ਜੋ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ਮੈਡੀਕਲ ਸੇਵਾਵਾਂ ਜਾਂ ਕਿਸੇ ਦੀ ਮਜਬੂਰੀ ਹੋਵੇਗੀ ਸਿਰਫ ਉਸੇ ਨੂੰ ਜਾਣ ਦਿੱਤਾ ਜਾਵੇਗਾ ਅਤੇ ਬਾਕੀ ਅਸੀਂ ਸੜਕਾਂ ਮੁਕੰਮਲ ਬੰਦ ਰੱਖਾਂਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲਾਮਬੰਦ ਕਰਨ ਜ਼ਿਲ੍ਹੇ ਦਰਜਨ ਪਿੰਡਾਂ ਵਿਚ ਝੰਡਾ ਮਾਰਚ ਕੀਤਾ। ਉਨ੍ਹਾਂ ਬੰਦ ਨੂੰ ਸਫ਼ਲ ਬਣਾਉਣ ਲਈ ਵਪਾਰੀ, ਆੜ੍ਹਤੀ ਅਤੇ ਦੁਕਾਨਦਾਰ ਅਤੇ ਸਾਰੇ ਵਰਗਾਂ ਨੁੰ ਸਹਿਯੋਗ ਦੀ ਅਪੀਲ ਕੀਤੀ।  

ਖੇਤੀ ਬਿੱਲ ਨੇ ਕਸੂਤੇ ਫ਼ਸਾਏ ਭਾਜਪਾ ਗੱਠਜੋੜ ਦੇ ਲੀਡਰ

ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਖੇਤੀ ਬਿੱਲਾਂ ਨੇ ਭਾਜਪਾ ਹਮਾਇਤੀ ਸਿਆਸਦਾਨਾਂ ਦਾ ਪਿੰਡਾਂ ’ਚ ਵੜਨਾ ਔਖਾ ਕਰ ਦਿੱਤਾ ਹੈ। ਕਿਸਾਨ ਸਿਆਸੀ ਆਗੂਆਂ ਦੇ ਰਾਹ ਰੋਕ ਕੇ ਕਾਲੀਆਂ ਝੰਡੀਆਂ ਵਿਖਾਉਣ ਸੜਕਾਂ ’ਤੇ ਉੱਤਰ ਪਏ ਹਨ। ਅੱਜ ਪਿੰਡ ਦੇਸੂਜੋਧਾ ’ਚ ਕਿਸਾਨਾਂ ਨੇ ਜਨਨਾਇਕ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇਨਸੋ ਦੇ ਕੌਮੀ ਪ੍ਰਧਾਨ ਦਿਗਵਿਜੈ ਚੌਟਾਲਾ ਦੀ  ਆਮਦ ਦੇ ਮੱਦੇਨਜ਼ਰ ਧਰਨਾ ਲਗਾ ਦਿੱਤਾ। ਉਹ ਸਵੇਰ ਤੋਂ ਸ਼ਾਮ ਤੱਕ ਕਾਲੀਆਂ ਝੰਡੀਆਂ ਲੈ ਕੇ ਜਜਪਾ ਆਗੂ ਨੂੰ ਉਡੀਕਦੇ ਰਹੇ। ਅੱਜ ਦਿਗਵਿਜੈ ਚੌਟਾਲਾ ਦਾ ਦੇਸੂਜੋਧਾ ਸਮੇਤ ਡੱਬਵਾਲੀ ਹਲਕੇ ਦੇ ਕਈ ਪਿੰਡਾਂ ’ਚ ਜਨਤਕ ਪ੍ਰੋਗਰਾਮ ਸਨ। ਦੇਸੂਜੋਧਾ ਵਿਖੇ ਬੱਸ ਅੱਡੇ ਦੇ ਮੂਹਰੇ ਧਰਨਾਕਾਰੀ ਕਿਸਾਨਾਂ ਨੇ ਖੇਤੀ ਬਿੱਲਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਦੇਰ ਸ਼ਾਮ ਤੱਕ ਦਿਗਵਿਜੈ ਚੌਟਾਲਾ ਪ੍ਰੋਗਰਾਮ ਮੁਤਾਬਕ ਡੱਬਵਾਲੀ ਹਲਕੇ ਦੇ ਬਾਕੀ ਪਿੰਡਾਂ ਦਾ ਦੌਰਾ ਕਰ ਚੁੱਕੇ ਸਨ ਪਰ ਉਹ ਦੇਸੂਜੋਧਾ ਨਹੀਂ ਪੁੱਜੇ ਸਨ।  ਇਸੇ ਦੌਰਾਨ ਇਨਸੋ ਦੇ ਕੌਮੀ ਪ੍ਰਧਾਨ ਦਿਗਵਿਜੈ ਚੌਟਾਲਾ ਨੇ ਡੱਬਵਾਲੀ ਹਲਕੇ ਦੇ ਰੱਤਾਖੇੜਾ, ਮੁੰਨਾਵਾਲੀ, ਰਾਜਪੁਰਾ ਮਾਜਰਾ ਅਤੇ ਅਬੁੱਬਸ਼ਹਿਰ ਵਿਖੇ ਪਿੰਡਾਂ ’ਚ ਲੋਕਾਂ ਨੂੰ ਸੰਬੋਧਨ ਕੀਤੀ। ਉਨ੍ਹਾਂ ਖੇਤੀ ਬਿੱਲਾਂ ਬਾਰੇ ਵਿਰੋਧੀ ਪਾਰਟੀ ਵੱਲੋਂ ਗਲਤ ਪ੍ਰਚਾਰ ਦੀ ਪੋਲ ਖੋਲੀ ਅਤੇ ਆਖਿਆ ਕਿ ਹਰਿਆਣਾ ’ਚ ਭਾਜਪਾ ਅਤੇ ਜਜਪਾ ਦੀ ਗੱਠਜੋੜ ਸਰਕਾਰ ਚੱਲ ਰਹੀ ਹੈ। ਜਿਸ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਿਸੇ ਕੀਮਤ ’ਤੇ ਖ਼ਤਮ ਨਹੀਂ ਕੀਤਾ ਜਾਵੇਗਾ।  

ਕਿਸਾਨਾਂ ਵੱਲੋਂ ਪੰਜਾਬ ਬੰਦ ਅੱਜ; ਅਕਾਲੀ ਦਲ ਤਿੰਨ ਥਾਵਾਂ ’ਤੇ ਕਰੇਗਾ ਚੱਕਾ ਜਾਮ

ਫ਼ਰੀਦਕੋਟ (ਜਸਵੰਤ ਜੱਸ):  ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਨਵੇਂ ਕਾਨੂੰਨ ਖਿਲਾਫ਼ ਪੰਜਾਬ ਦੀਆਂ 32 ਜੱਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਤਹਿਤ ਕਿਸਾਨ, ਮਜ਼ਦੂਰ, ਆੜਤੀਆ, ਵਪਾਰੀ, ਦੁਕਾਨਦਾਰ ਆਦਿ ਫ਼ਰੀਦਕੋਟ ਜ਼ਿਲ੍ਹੇ ਵਿੱਚ ਬੰਦ ਦੌਰਾਨ ਵੱਖ-ਵੱਖ ਥਾਵਾਂ ’ਤੇ ਸੜਕਾਂ ਉੱਪਰ ਧਰਨੇ ਦੇਣਗੇ। ਇਸੇ ਦਰਮਿਆਨ ਪਤਾ ਲੱਗਾ ਹੈ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਅਕਾਲੀ ਦਲ ਤਿੰਨ ਥਾਵਾਂ ‘ਤੇ ਚੱਕਾ ਜਾਮ ਕਰੇਗਾ। ਸੂਤਰਾਂ ਅਨੁਸਾਰ ਅਕਾਲੀ ਦਲ ਨੇ ਬਾਜਾਖਾਨ- ਬਰਗਾੜੀ ਸੜਕ, ਕੋਟਕਪੂਰਾ ਬਾਈਪਾਸ ਅਤੇ ਸਾਦਿਕ ਵਿਖੇ ਫਿਰੋਜ਼ਪੁਰ-ਮੁਕਤਸਰ ਰੋਡ ਉੱਪਰ ਜਾਮ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਕਿ ਕਿਸਾਨ ਜੱਥੇਬੰਦੀਆਂ ਪਿੰਡ ਟਹਿਣਾ ਨਜ਼ਦੀਕ ਹਾਈਵੇ-54 ਉੱਪਰ ਧਰਨਾ ਦੇਣਗੀਆਂ। ਸੂਚਨਾ ਅਨੁਸਾਰ ਇੱਥੇ 5000 ਤੋਂ ਵੱਧ ਕਿਸਾਨ ਇਕੱਠੇ ਹੋ ਸਕਦੇ ਹਨ। ਇਸ ਲਈ ਜਿਲ੍ਹਾ ਪ੍ਰਸ਼ਾਸਨ ਨੇ ਇੱਥੇ ਟੈਂਟ ਅਤੇ ਸਪੀਕਰ ਲਾਉਣ ਦੀ ਆਗਿਆ ਦੇ ਦਿੱਤੀ ਹੈ। ਇਸੇ ਤਰਾਂ ਕਿਸਾਨਾਂ ਵੱਲੋਂ ਪਿੰਡ ਗੋਲੇਵਾਲਾ, ਸਾਦਿਕ, ਬਾਜਾਖਾਨਾ, ਬਰਗਾੜੀ, ਪੰਜਗਰਾਈਂ, ਕਲੇਰ ਆਦਿ ਥਾਵਾਂ ‘ਤੇ ਵੱਡੇ ਧਰਨੇ ਲਾਉਣ ਦੀ ਵਿਉਂਤਬੰਦੀ ਹੈ। ਕਿਸਾਨ ਜੱਥੇਬੰਦੀਆਂ ਵੱਲੋਂ ਕੋਟਕਪੂਰਾ-ਮੋਗਾ ਬਾਈਪਾਸ ‘ਤੇ ਪੁਲ ਨਜ਼ਦੀਕ ਰੋਸ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ ਅਤੇ ਇਸ ਦੇ ਨਜ਼ਦੀਕ ਹੀ ਅਕਾਲੀ ਦਲ ਨੇ ਆਪਣਾ ਪ੍ਰੋਗਰਾਮ ਉਲੀਕਿਆ ਹੈ।

ਪਿੰਡਾਂ ਵਿੱਚ ਉਹੀ ਵੜ੍ਹਨਗੇ, ਜਿਹੜੇ ਕਿਸਾਨਾਂ-ਮਜ਼ਦੂਰਾਂ ਨਾਲ ਖੜ੍ਹਨਗੇ

ਮਾਨਸਾ (ਪੱਤਰ ਪੇ੍ਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਵੱਲੋਂ ਅੱਧੀ ਦਰਜਨ ਪਿੰਡਾਂ ਵਿੱਚ ਆਰਡੀਨੈਂਸ ਦੇ ਵਿਰੋਧ ਕੀਤੀਆਂ ਗਈਆਂ ਰੈਲੀਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਗਏ ਅਤੇ ਭਰੇ ਇਕੱਠਾਂ ਦੌਰਾਨ ਚਿਤਾਵਨੀ ਦਿੱਤੀ ਗਈ ਕਿ ਪਿੰਡਾਂ ਵਿੱਚ ਉਹ ਸਿਆਸੀ ਪਾਰਟੀਆਂ ਦੇ ਨੇਤਾ ਆ ਜਾ ਸਕਣਗੇ, ਜਿਹੜੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਮੋਦੀ ਸਰਕਾਰ ਖਿਲਾਫ਼ ਕਿਸਾਨਾਂ ਨਾਲ ਖੜ੍ਹਨਗੇ।ਉਨ੍ਹਾਂ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਨੇ ਆਪਣੇ ਹੱਕਾਂ ਨੂੰ ਮੰਗ-ਮੰਗਕੇ ਅਨੇਕਾਂ ਵਾਰ ਵੇਖ ਲਿਆ ਅਤੇ ਹੁਣ ਜ਼ੋਰ ਜਮਾਕੇ ਵੇਖਿਆ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All