ਮੀਂਹ ਪੈਣ ਮਗਰੋਂ ਠੰਢ ਨੇ ਜ਼ੋਰ ਫੜਿਆ

ਸੂਰਜ ਦੇ ਦਰਸ਼ਨ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ; ਮੀਂਹ ਦੀ ਝੜੀ ਕਾਰਨ ਕਣਕਾਂ ਪੀਲੀਆਂ ਪਈਆਂ

ਮੀਂਹ ਪੈਣ ਮਗਰੋਂ ਠੰਢ ਨੇ ਜ਼ੋਰ ਫੜਿਆ

ਧੁੰਦ ਕਾਰਨ ਬਠਿੰਡਾ ਵਿੱਚ ਦਿਨ ਵੇਲੇ ਲਾਈਟਾਂ ਜਗਾ ਕੇ ਲੰਘਦੇ ਹੋਏ ਵਾਹਨ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 24 ਜਨਵਰੀ

ਮਾਲਵਾ ਖੇਤਰ ਲੰਘੇ ਦਿਨ ਮੀਂਹ ਤੋਂ ਬਾਅਦ ਤੇ ਅੱਜ ਸਵੇਰ ਵੇਲੇ ਤੋਂ ਹੀ ਪਈ ਧੁੰਦ ਕਾਰਨ ਠੰਢ ਦਾ ਜ਼ੋਰ ਵਧਿਆ ਰਿਹਾ। ਸਵੇਰ ਵੇਲ਼ੇ ਪੇਂਡੂ ਖੇਤਰ ਦੀਆਂ ਲਿੰਕ ਸੜਕਾਂ ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕਾਂ ’ਤੇ ਚੱਲਣ ਵਾਲੇ ਵਾਹਨਾਂ ਦੀ ਰਫ਼ਤਾਰ ਧੀਮੀ ਰਹੀ ਅਤੇ ਰਾਹਗੀਰਾਂ ਨੂੰ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਚੱਲਣ ਲਈ ਮਜਬੂਰ ਹੋਣਾ ਪਿਆ। ਖੇਤਰੀ ਕੈਂਪਸ ਅਨੁਸਾਰ ਅੱਜ ਬਠਿੰਡਾ ਵਿੱਚ ਦਿਨ ਦਾ ਤਾਪਮਾਨ 5.6 ਸੈਲਸੀਅਸ ਰਿਹਾ । ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਵਿੱਚ ਵੀ ਧੁੰਦ ਪੈਣ ਦੀ ਪੇਸ਼ੀਗਨੋਈ ਕੀਤੀ ਹੋਈ ਹੈ ਅੱਜ ਸੂਰਜ ਦੇਵਤਾ ਨੇ ਸਾਰਾ ਦਿਨ ਦਰਸ਼ਨ ਹੀ ਨਹੀਂ ਦਿੱਤੇ ਜਿਸ ਕਾਰਨ ਲੋਕ ਧੁੱਪ ਨੂੰ ਉਡੀਕਦੇ ਰਹੇ । ਬੀਤੇ ਮਹੀਨੇ ਤੋਂ ਪੈ ਰਹੀ ਠੰਢ ਕਾਰਨ ਕਣਕ ਵਿੱਚ ਪੀਲੀ ਭਾਅ ਵਧਣ ਲੱਗੀ ਹੈ ਪਰ ਖੇਤੀ ਮਾਹਿਰਾਂ ਡਾ. ਜਸਵਿੰਦਰ ਕੁਮਾਰ ਅਨੁਸਾਰ ਧੁੱਪਾਂ ਲੱਗਣ ਤੋਂ ਬਾਅਦ ਕਣਕ ਦਾ ਰੰਗ ਠੀਕ ਹੋ ਜਾਵੇਗਾ। ਉਨ੍ਹਾਂ ਬੀਤੇ ਦਿਨੀਂ ਹੋਈ ਇਸ ਬਾਰਸ਼ ਨੂੰ ਬੇਹੱਦ ਲਾਹੇਵੰਦ ਦੱਸਿਆ ਭਾਵੇਂ ਕਿ ਮਾਲਵੇ ਦੇ ਕੁਝ ਖੇਤਰਾਂ ਵਿੱਚ ਭਰਵੀਂ ਬਾਰਸ਼ ਹੋਣ ਕਾਰਨ ਸਬਜ਼ੀਆਂ ਅਤੇ ਛੋਲਿਆਂ ਦਾ ਨੁਕਸਾਨ ਹੋਣ ਦੀਆਂ ਵੀ ਖ਼ਬਰਾਂ ਪੜ੍ਹਨ ਨੂੰ ਮਿਲੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਬੁਲਿਟਨ ਅਨੁਸਾਰ ਕਿਸਾਨ ਨੂੰ ਕਣਕ ਦੀ ਫ਼ਸਲ ਨੂੰ ਪਾਣੀ ਨਾ ਦੇਣ ਲਈ ਕਿਹਾ ਗਿਆ ਹੈ । ਜ਼ਿਕਰਯੋਗ ਹੈ ਕਿ ਬਠਿੰਡਾ ਵਿੱਚ ਲੰਘੀ 8 ਜਨਵਰੀ ਤੋਂ ਦਿਨ ਦਾ ਪਾਰਾ 5 ਡਿਗਰੀ ਸੈਲਸੀਅਸ ਤੋਂ 7 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਹੋਇਆ ਹੈ।

ਕਣਕਾਂ ਪੀਲੀਆਂ ਪਈਆਂ

ਸਿਰਸਾ (ਪ੍ਰਭੂ ਦਿਆਲ): ਇਲਾਕੇ ਵਿੱਚ ਲੱਗੀ ਲੰਮੀ ਝੜੀ ਕਾਰਨ ਕਈ ਥਾਵਾਂ ’ਤੇ ਕਣਕਾਂ ਪੀਲੀਆਂ ਪੈ ਗਈਆਂ ਹਨ। ਕਣਕਾਂ ਤੋਂ ਇਲਾਵਾ ਆਲੂਆਂ ਤੇ ਸਰ੍ਹੋਂ ਦੀ ਫ਼ਸਲ ਵੀ ਮੀਂਹ ਕਾਰਨ ਪ੍ਰਭਾਵਿਤ ਹੋਈ ਹੈ। ਨਵੀਆਂ ਸਬਜ਼ੀਆਂ ਦੇ ਲਗਾਉਣ ਦਾ ਕੰਮ ਰੁਕ ਗਿਆ ਹੈ। ਪਿੰਡ ਬਾਜੇਕਾਂ ਦੇ ਕਿਸਾਨ ਛਿੰਦਰ ਨੇ ਦੱਸਿਆ ਹੈ ਕਿ ਲਗਾਤਾਰ ਪਏ ਮੀਂਹ ਤੇ ਬਣੀ ਬਦਲਵਾਈ ਕਾਰਨ ਕਣਕਾਂ ਦਾ ਰੰਗ ਪੀਲਾ ਪੈ ਗਿਆ ਹੈ। ਆਲੂਆਂ ਦੀ ਫ਼ਸਲ ਵਿੱਚ ਵੀ ਪਾਣੀ ਖੜ੍ਹਾ ਹੋਣ ਕਾਰਨ ਆਲੂਆਂ ਦੇ ਗਲਣ ਦਾ ਖਦਸ਼ਾ ਹੈ। ਕਿਸਾਨ ਯੂਰੀਆ ਖਾਦ ਨਾ ਮਿਲਣ ਕਾਰਨ ਵੀ ਪ੍ਰੇਸ਼ਾਨ ਹਨ।

ਠੰਢ ਨੇ ਜਨਵਰੀ ਮਹੀਨੇ ਦੇ ਸਾਰੇ ਰਿਕਾਰਡ ਮਾਤ ਪਾਏ

ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਖੇਤਰ ਵਿੱਚ ਜਨਵਰੀ ਮਹੀਨੇ ਦੇ ਮੌਸਮ ਨੇ ਠੰਢ ਵਾਲੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਲਗਾਤਾਰ 15 ਦਿਨਾਂ ਤੋਂ ਲੋਕਾਂ ਨੇ ਸੂਰਜ ਦੇ ਦਰਸ਼ਨ ਨਹੀਂ ਕੀਤੇ ਤੇ ਇਹ ਠੰਢ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮੌਸਮ ਵਿਭਾਗ ਦੀ ਚਿਤਾਵਨੀ ਮੁਤਾਬਕ ਹੁਣ ਇਸ ਖੇਤਰ ਵਿੱਚ ਭਲਕੇ 25 ਜਨਵਰੀ ਨੂੰ ਮੁੜ 3 ਤੋਂ 5 ਡਿਗਰੀ ਪਾਰਾ ਹੇਠਾਂ ਡਿੱਗਣ ਦੀ ਸੰਭਾਵਨਾ ਹੈ, ਜਿਸ ਨਾਲ ਕੜਾਕੇ ਦੀ ਠੰਢ ਵਧਣ ਦਾ ਡਰ ਪੈਦਾ ਹੋ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਦੱਸਿਆ ਕਿ ਗਿਆ ਹੈ ਕਿ ਮਾਨਸਾ ਤੋਂ ਇਲਾਵਾ ਬਰਨਾਲਾ, ਮਾਲੇਰਕੋਟਲਾ, ਪਟਿਆਲਾ, ਸੰਗਰੂਰ, ਬਠਿੰਡਾ, ਮੋਗਾ, ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਲਗਾਤਾਰ 2-3 ਦਿਨ ਮੌਸਮ ਖਰਾਬ ਰਹਿਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਹੁਣ ਠੰਢ ਦੇ ਨਾਲ-ਨਾਲ ਧੁੰਦ ਦੇ ਪੈਣ ਦਾ ਵੀ ਖ਼ਦਸ਼ਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਮਾਲਵਾ ਖੇਤਰ ਦੇ ਕਿਸਾਨਾਂ ਲਈ ਹੁਣ ਹਰ ਤਰ੍ਹਾਂ ਦੀ ਖੇਤੀ ਲਈ ਪਾਣੀ ਲਾਉਣਾ ਬਿਲਕੁਲ ਬੰਦ ਕਰਨਾ ਚਾਹੀਦਾ ਹੈ ਅਤੇ ਖੇਤਾਂ ਵਿੱਚ ਅਗਲੇ ਦੋ-ਤਿੰਨ ਦਿਨ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਪੂਰਾ ਸੰਕੋਚ ਕਰਨਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All