ਪਵਨ ਗੋਇਲ
ਭੁੱਚੋ ਮੰਡੀ, 29 ਜਨਵਰੀ
ਇਲਾਕੇ ਵਿੱਚ ਅੱਜ ਦੁਪਹਿਰ ਸਮੇਂ ਹੋਈ ਕਿਣਮਿਣ ਅਤੇ ਤੇਜ਼ ਹਵਾ ਚੱਲਣ ਕਾਰਨ ਪੂਰਾ ਦਿਨ ਠੰਢ ਦਾ ਪ੍ਰਕੋਪ ਜਾਰੀ ਰਿਹਾ। ਧੁੱਪ ਨਾ ਦੇ ਬਰਾਬਰ ਸੀ, ਜੋ ਲੋਕਾਂ ਨੂੰ ਠੰਢ ਤੋਂ ਕੋਈ ਰਾਹਤ ਨਾ ਦਿਵਾ ਸਕੀ। ਬਾਅਦ ਦੁਪਹਿਰ ਠੰਢ ਵਿੱਚ ਭਾਰੀ ਵਾਧਾ ਹੋਇਆ। ਲੋਕ ਆਪਣੇ ਘਰਾਂ ਅਤੇ ਦੁਕਾਨਾਂ ਦੇ ਅੰਦਰ ਹੀ ਬੈਠੇ ਰਹੇ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਇਲਾਕੇ ਵਿੱਚ ਘੱਟੋ ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਰਿਹਾ। ਠੰਢੀ ਹਵਾ 2.5 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਚੱਲੀ। ਠੰਢ ਤੋਂ ਬਚਣ ਲਈ ਲੋਕਾਂ ਨੇ ਗਲੀਆਂ ਵਿੱਚ ਕਈ ਥਾਵਾਂ ‘ਤੇ ਧੂਣੀਆਂ ਪਾਈਆਂ ਹੋਈਆਂ ਸਨ।
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ):
ਇਲਾਕੇ ਵਿੱਚ ਅੱਜ ਦੁਪਹਿਰ ਮਗਰੋਂ ਸ਼ੁਰੂ ਹੋਈ ਕਿਣਮਿਣ ਨੇ ਕਿਸਾਨਾਂ ਦੇ ਚਿਹਰਿਆਂ ‘ਤੇ ਰੌਣਕ ਲਿਆਂਦੀ ਹੈ। ਇਸ ਮਗਰੋਂ ਤੇਜ਼ ਹਵਾਵਾਂ ਚੱਲਣ ਕਾਰਨ ਠੰਢ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਨੇ ਹੋਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਜੇਕਰ ਹਲਕੇ ਤੋਂ ਦਰਮਿਆਨਾ ਮੀਂਹ ਪੈ ਜਾਂਦਾ ਹੈ ਤਾਂ ਪੈ ਰਹੀ ਸੁੱਕੀ ਠੰਢ ਤੋਂ ਕੁੱਝ ਰਾਹਤ ਮਿਲਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਤੋਂ ਪੈ ਰਹੀ ਕੜਾਕੇ ਦੀ ਠੰਢ ਅਤੇ ਕੋਹਰੇ ਕਾਰਨ ਕਣਕ, ਬਰਸੀਮ ਦੇ ਵਾਧੇ ਵਿੱਚ ਖੜੋਤ ਆਈ ਹੋਈ ਸੀ ਅਤੇ ਆਲੂਆਂ ਨੂੰ ਵੀ ਕਾਫ਼ੀ ਨੁਕਸਾਨ ਹੋ ਰਿਹਾ ਸੀ। ਇਸ ਕਿਣਮਿਣ ਨਾਲ ਸੁੱਕੀ ਠੰਢ ਘਟੇਗੀ ਅਤੇ ਅਗਲੇ ਦਿਨਾਂ ‘ਚ ਮੌਸਮ ਠੀਕ ਰਹਿਣ ਅਤੇ ਧੁੱਪਾਂ ਪੈਣ ਕਾਰਨ ਕਾਰੋਬਾਰ ਵਿੱਚ ਵੀ ਤੇਜ਼ੀ ਆਉਣ ਦੀ ਸੰਭਾਵਨਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਨਵਦੀਪ ਸਿੰਘ ਜੌੜਾ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਮੀਂਹ ਦੀ ਬਹੁਤ ਜ਼ਿਆਦਾ ਲੋੜ ਹੈ। ਇਸ ਨਾਲ ਕਣਕ ਸਮੇਤ ਹੋਰ ਫ਼ਸਲਾਂ ਵੀ ਵਧਣ-ਫੁੱਲਣਗੀਆਂ ਅਤੇ ਫ਼ਸਲਾਂ ਨੂੰ ਮੀਂਹ ਘਿਓ ਵਾਂਗ ਲੱਗੇਗਾ। ਉਨ੍ਹਾਂ ਦੱਸਿਆ ਕਿ ਕਣਕ ਦੀ ਫ਼ਸਲ ਵਧੀਆ ਖੜ੍ਹੀ ਹੈ ਅਜੇ ਕਿਸੇ ਦਵਾਈ ਵਗੈਰਾ ਦੀ ਲੋੜ ਨਹੀਂ। ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਦੂਸਰੀ ਵਾਰ ਸਪਰੇਅ ਕੀਤੀ ਜਾਵੇ।
ਮਾਲਵਾ ਦੇ ਕਈ ਖੇਤਰਾਂ ਵਿੱਚ ਮੀਂਹ ਦੇ ਆਸਾਰ
ਬਠਿੰਡਾ (ਮਨੋਜ ਸ਼ਰਮਾ): ਇਸ ਮਹੀਨੇ ਦੇ ਮੱਧ ਵਿੱਚ ਕੁਝ ਦਿਨ ਧੁੱਪ ਨਿਕਲਣ ਮਗਰੋਂ ਮੌਸਮ ਵਿੱਚ ਅਚਾਨਕ ਆਈ ਤਬਦੀਲੀ ਕਾਰਨ ਮਾਲਵੇ ਖੇਤਰ ਵਿੱਚ ਮੁੜ ਕੋਹਰਾ ਪੈਣ ਕਾਰਨ ਠੰਢ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਤੋਂ ਕੀਤੀ ਪੇਸ਼ੀਗਨੋਈ ਮੁਤਾਬਕ ਮਾਲਵਾ ਖੇਤਰ ਵਿੱਚ ਮੀਂਹ ਪੈਣ ਦੇ ਆਸਾਰ ਹਨ। ਅੱਜ ਸਾਰਾ ਦਿਨ ਅਸਮਾਨ ਵਿੱਚ ਬਦਲਵਾਈ ਛਾਈ ਰਹੀ ਸੂਰਜ ਨੂੰ ਬੱਦਲਾਂ ਨੇ ਆਪਣੀ ਬੁੱਕਲ ਵਿੱਚ ਲਕੋਈ ਰੱਖਿਆ। ਖੇਤਰੀ ਖੋਜ ਤੋਂ ਮਿਲੀ ਰਿਪੋਰੇਟ ਅਨੁਸਾਰ 30 ਜਨਵਰੀ ਤੱਕ ਕਿਤੇ-ਕਿਤੇ ਗਰਜ ਲਿਸ਼ਕ ਨਾਲ ਛਰਾਟੇ ਵੀ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਿਕ ਮਾਲਵਾ ਖੇਤਰ ਦੇ ਨਾਲ ਲਗਦੇ ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ ਤੋਂ ਇਲਾਵਾ ਮੁਕਤਸਰ ਸਾਹਿਬ, ਬਠਿੰਡਾ, ਸਿਰਸਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਮੀਂਹ ਦੀ ਲਪੇਟ ਵਿੱਚ ਆ ਸਕਦੇ ਹਨ। ਬਠਿੰਡਾ ਪੰਜਾਬ ਦੇ ਸਭ ਤੋਂ ਠੰਢੇ ਸ਼ਹਿਰਾਂ ਦੀ ਸੂਚੀ ਨਾਮ ਦਰਜ ਕਰਵਾ ਰਿਹਾ ਹੈ ਬੀਤੀ 27 ਜਨਵਰੀ ਤੋਂ ਦੁਬਾਰਾ ਕੋਹਰੇ ਦੀ ਵਾਪਸੀ ਨਾਲ ਪੰਜਾਬ ਵਿੱਚ ਠੰਢ ਨੇ ਜ਼ੋਰ ਫੜ ਲਿਆ ਹੈ। ਅੱਜ ਮੌਸਮ ਮੁਤਾਬਕ ਬਠਿੰਡਾ ਦਾ ਤਾਪਮਾਨ ਘੱਟ ਤੋਂ ਘੱਟ ਤਾਪਮਾਨ 1.6 ਸੈਲਸੀਅਸ ਦਰਜ ਕੀਤਾ ਗਿਆ।