ਨਿੱਜੀ ਪੱਤਰ ਪ੍ਰੇਰਕ
ਮੋਗਾ, 21 ਸਤੰਬਰ
ਪੁਲੀਸ ਨੇ ਚਰਿੱਤਰ ’ਤੇ ਸ਼ੱਕ ਦੇ ਚੱਲਦਿਆਂ ਧੀ ਦੀ ਹੱਤਿਆ ਕਰਨ ਦੇ ਦੋਸ਼ ਹੇਠ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਲਦੇਵ ਸਿੰਘ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਥਾਣਾ ਚੜਿੱਕ ਪੁਲੀਸ ਨੇ ਪਿੰਡ ਤਾਰੇਵਾਲਾ ’ਚ 5 ਦਿਨ ਪਹਿਲਾਂ ਗੰਦੇ ਨਾਲੇ ’ਚੋਂ ਇਕ ਕੁੜੀ ਦੀ ਲਾਸ਼ ਬਰਾਮਦ ਕੀਤੀ ਸੀ। ਇਹ ਲਾਸ਼ ਸਮਾਜ ਸੇਵੀ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ ਦੀ ਮਦਦ ਨਾਲ ਪੁਲੀਸ ਨੇ ਗੰਦੇ ਨਾਲੇ ’ਚੋਂ ਕੱਢੀ ਤਾਂ ਲੜਕੀ ਦੀਆਂ ਲੱਤਾਂ ਬੰਨ੍ਹੀਆਂ ਹੋਈਆਂ ਸਨ। ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਬਰਾੜ ਅਤੇ ਥਾਣਾ ਮੁਖੀ ਪੂਰਨ ਸਿੰਘ ਨੇ ਕਿਹਾ ਕਿ ਅਣਪਛਾਤੇ ਮੁਲਜ਼ਮ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਡੂੰਘਾਈ ਨਾਲ ਤਫ਼ਤੀਸ਼ ਕੀਤੀ ਗਈ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਕੁੜੀ ਦੀ ਪਛਾਣ ਰਮਨਦੀਪ ਕੌਰ ਵਜੋਂ ਹੋਈ ਸੀ। ਇਸ ਮਾਮਲੇ ਵਿਚ ਉਸ ਦੇ ਪਿਤਾ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਲਜ਼ਮ ਨੂੰ ਆਪਣੀ ਧੀ ਦੇ ਚਰਿੱਤਰ ’ਤੇ ਸ਼ੱਕ ਸੀ, ਜਿਸ ਕਾਰਨ ਉਸ ਨੇ 11 ਸਤੰਬਰ ਨੂੰ ਕਤਲ ਕਰਕੇ ਉਸ ਦੀ ਲਾਸ਼ ਘਰ ਤੋਂ ਕੁਝ ਦੂਰੀ ’ਤੇ ਗੰਦੇ ਨਾਲੇ ’ਚ ਸੁੱਟ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ 16 ਸਤੰਬਰ ਨੂੰ ਥਾਣਾ ਚੜਿੱਕ ਪੁਲੀਸ ਨੂੰ ਕੁੜੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਸੀ। ਪੁਲੀਸ ਅਨੁਸਾਰ ਸ਼ਿਕਾਇਤ ਹੋਣ ’ਤੇ ਪਰਿਵਾਰ ਨੂੰ ਬੁਲਾਇਆ ਗਿਆ ਅਤੇ ਸਖਤੀ ਨਾਲ ਪੁੱਛਣ ’ਤੇ ਕੁੜੀ ਦੇ ਪਿਤਾ ਨੇ ਮੰਨਿਆ ਕਿ ਉਸ ਨੇ ਹੀ ਕਤਲ ਕਰਕੇ ਲਾਸ਼ ਨਾਲੇ ’ਚ ਸੁੱਟ ਦਿੱਤੀ ਹੈ।