ਜਸਵੰਤ ਜੱਸ
ਫਰੀਦਕੋਟ, 8 ਫਰਵਰੀ
ਇੱਥੋਂ ਦੇ ਸਦੀ ਪੁਰਾਣੇ ਦਰਬਾਰ ਗੰਜ ਵਿੱਚ ਸ਼ਹਿਰ ਦੇ ਆਮ ਲੋਕਾਂ ਲਈ ਬਣਾਏ ਗਏ ਸਦੀ ਪੁਰਾਣੇ ਪਾਰਕ ਪ੍ਰਸ਼ਾਸਨ ਦੀ ਬੇਰੁਖੀ ਕਾਰਨ ਉੱਜੜੇ ਗਏ ਹਨ। ਦਰਬਾਰ ਗੰਜ ਜਿੱਥੇ ਇਸ ਸਮੇਂ ਫਰੀਦਕੋਟ ਡਿਵੀਜ਼ਨ ਦੇ ਕਮਿਸ਼ਨਰ ਅਤੇ ਆਈਜੀ ਦਾ ਦਫ਼ਤਰ ਤੇ ਰਿਹਾਇਸ਼ ਵੀ ਹੈ, ਇਸ ਦੇ ਬਾਵਜੂਦ ਦਰਬਾਰ ਗੰਜ ਦੇ ਪਾਰਕਾਂ ਦੀ ਸਾਂਭ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਫੁੱਲ ਖਿੜਣ ਦੀ ਰੁੱਤ ਵਿੱਚ ਪਾਰਕ ਅੰਦਰ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਇਸ ਦੇ ਆਸ-ਪਾਸ ਲੱਗੇ ਰੁੱਖਾਂ ਅਤੇ ਵੇਲਾਂ ਦੀ ਕੋਈ ਕਾਟ-ਛਾਂਟ ਵੀ ਨਹੀਂ ਕੀਤੀ ਗਈ। ਦਰਬਾਰ ਗੰਜ ਵਿੱਚ ਕੁੱਲ ਚਾਰ ਪਾਰਕ ਹਨ, ਜਿਨ੍ਹਾਂ ਵਿੱਚੋਂ ਤਿੰਨ ਪਾਰਕਾਂ ਦੀ ਹਾਲਤ ਬੇਹੱਦ ਤਰਸਯੋਗ ਹੈ। ਪ੍ਰਸ਼ਾਸਨ ਨੇ ਕੁਝ ਸਮਾਂ ਪਹਿਲਾਂ ਇਤਿਹਾਸਕ ਦਰਬਾਰ ਗੰਜ ਅਤੇ ਇਸ ਦੇ ਆਸ-ਪਾਸ ਪਏ ਪਾਰਕਾਂ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਪਾਸੋਂ ਬਜਟ ਮੰਗਿਆ ਸੀ ਪਰੰਤੂ ਦੋ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਦੀ ਸੰਭਾਲ ਲਈ ਕੋਈ ਫੰਡ ਜਾਰੀ ਨਹੀਂ ਹੋ ਸਕੇ। ਐਡਵੋਕੇਟ ਗੁਰਤਾਜ ਸੰਧੂ ਅਤੇ ਆਸ਼ੂ ਕੁਮਾਰ ਮਿੱਤਲ ਨੇ ਦੱਸਿਆ ਕਿ ਦਰਬਾਰ ਗੰਜ ਵਿੱਚ ਸਵੇਰੇ ਅਤੇ ਸ਼ਾਮ ਸੈਂਕੜੇ ਲੋਕ ਪਰਿਵਾਰਾਂ ਸਮੇਤ ਸੈਰ ਕਰਨ ਲਈ ਆਉਂਦੇ ਹਨ ਪਰ ਲੋਕਾਂ ਲਈ ਬਣੇ ਪਾਰਕਾਂ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਪਾਰਕਾਂ ਦੀ ਸੰਭਾਲ ਲਈ ਕੋਈ ਯਤਨ ਨਹੀਂ ਕੀਤਾ ਗਿਆ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫ਼ਰੀਦਕੋਟ ਸ਼ਹਿਰ ਵਿੱਚ ਦਰਬਾਰ ਗੰਜ ਦੇ ਤਿੰਨ ਪਾਰਕਾਂ ਸਮੇਤ ਕੁੱਲ 8 ਪਾਰਕਾਂ ਦੀ ਸਾਂਭ ਸੰਭਾਲ ਲਈ ਤੁਰੰਤ ਫੰਡਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਤੁਰੰਤ ਫਾਈਲ ਬਣਾ ਕੇ ਸਰਕਾਰ ਕੋਲ ਭੇਜਣ ਲਈ ਕਿਹਾ ਗਿਆ ਹੈ ਤਾਂ ਜੋ ਇਤਿਹਾਸਕ ਇਮਾਰਤਾਂ ਦੇ ਪਾਰਕਾਂ ਨੂੰ ਮੁੜ ਹਰਿਆ ਭਰਿਆ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਸਾਰੇ ਪਾਰਕਾਂ ਦਾ ਨਵੀਂਨੀਕਰਨ ਕੀਤਾ ਜਾਵੇਗਾ ਅਤੇ ਇਸ ਬਾਰੇ ਪਹਿਲਾਂ ਹੀ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ।