ਨਾਥੂਸਰੀ ਚੌਪਟਾ ਵਿੱਚ Administration ਨੇ ਖੜ੍ਹੀ ਫ਼ਸਲ ’ਤੇ ਟਰੈਕਟਰ ਚਲਾਇਆ
ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਸਰਪਲੱਸ ਜ਼ਮੀਨ ’ਤੇ ਕਬਜ਼ਾ ਕੀਤਾ; ਕਿਸਾਨ ਨੇ ਰੋਸ ਜਤਾਇਆ
ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਅੱਜ ਨਾਥੂਸਰੀ ਚੌਪਟਾ ਵਿੱਚ ਮਾਖੋਸਰਾਨੀ ਰੋਡ ’ਤੇ ਸਰਪਲੱਸ ਜ਼ਮੀਨ ਦਾ ਕਬਜ਼ਾ ਲੈਣ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਟਰੈਕਟਰਾਂ ਨਾਲ ਖੇਤ ਵਿੱਚ ਖੜ੍ਹੀ ਨਰਮੇ, ਗੁਆਰੇ ਅਤੇ ਬਾਜਰੇ ਦੀ ਫ਼ਸਲ ਨੂੰ ਵਾਹ ਕੇ 11 ਏਕੜ ਅਤੇ 4 ਕਨਾਲ ਜ਼ਮੀਨ ਦਾ ਕਬਜ਼ਾ ਲਿਆ ਗਿਆ।
ਕਾਰਵਾਈ ਦੀ ਅਗਵਾਈ ਡਿਊਟੀ ਮੈਜਿਸਟਰੇਟ-ਕਮ-ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ, ਹਲਕਾ ਕਾਨੂੰਨਗੋ ਰਾਜਪਾਲ, ਪਟਵਾਰੀ ਦਲਬੀਰ ਬਿਸੂ ਅਤੇ ਥਾਣਾ ਇੰਚਾਰਜ ਪ੍ਰਦੀਪ ਕੁਮਾਰ ਨੇ ਕੀਤੀ। ਨਾਥੂਸਰੀ ਕਲਾਂ ਵਿੱਚ 11 ਏਕੜ ਅਤੇ 4 ਕਨਾਲ ਜ਼ਮੀਨ ਨਰਾਇਣ ਰਾਮ ਕਾਸਨੀਆ ਅਤੇ ਹਰਲਾਲ ਕਾਸਨੀਆ ਦੀ ਸੀ, ਜਿਸ ਨੂੰ ਸਰਪਲੱਸ ਐਲਾਨਿਆ ਗਿਆ ਸੀ। ਇਹ ਜ਼ਮੀਨ ਮੰਗਤੂ ਰਾਮ ਤੇ ਹੋਰਾਂ ਨੂੰ ਤਬਦੀਲ ਕਰ ਦਿੱਤੀ ਗਈ ਸੀ, ਪਰ ਰਿਕਾਰਡ ਦੂਜਿਆਂ ਦੇ ਨਾਮ ਹੋਣ ਦੇ ਬਾਵਜੂਦ ਕਬਜ਼ਾ ਨਰਾਇਣ ਰਾਮ ਅਤੇ ਹਰਲਾਲ ਕਾਸਨੀਆ ਦੇ ਪਰਿਵਾਰ ਕੋਲ ਹੀ ਸੀ।
ਮੰਗਤੂ ਰਾਮ ਅਤੇ ਹੋਰਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਦੇ ਨਤੀਜੇ ਵਜੋਂ ਅਦਾਲਤ ਨੇ 28 ਜਨਵਰੀ 2026 ਨੂੰ ਹੁਕਮ ਜਾਰੀ ਕਰਦਿਆਂ ਪ੍ਰਸ਼ਾਸਨ ਨੂੰ 15 ਮਈ 2026 ਤੱਕ ਜ਼ਮੀਨ ਦਾ ਕਬਜ਼ਾ ਲੈਣ ਦੇ ਨਿਰਦੇਸ਼ ਦਿੱਤੇ ਸਨ। ਜ਼ਮੀਨ ਵਿੱਚ ਪੰਜ ਏਕੜ ਕਪਾਹ, ਇੱਕ ਏਕੜ ਗੁਆਰਾ ਅਤੇ ਸਾਢੇ ਪੰਜ ਏਕੜ ਬਾਜਰਾ ਬੀਜਿਆ ਹੋਇਆ ਸੀ। ਕਬਜ਼ਾ ਲੈਣ ਲਈ ਚਾਰ ਟਰੈਕਟਰਾਂ ਦੀ ਵਰਤੋਂ ਕੀਤੀ ਗਈ। ਦੂਜੇ ਪਾਸੇ ਕਿਸਾਨ ਰਵਿੰਦਰ ਕਾਸਨੀਆ ਨੇ ਇਸ ਕਾਰਵਾਈ ਉੱਤੇ ਰੋਸ ਜਤਾਉਂਦਿਆਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੇ ਨਾ ਤਾਂ ਕੋਈ ਦਸਤਾਵੇਜ਼ ਦਿਖਾਏ ਅਤੇ ਨਾ ਹੀ ਕੋਈ ਪੈਮਾਇਸ਼ ਕੀਤੀ। ਉਨ੍ਹਾਂ ਇਸ ਕਾਰਵਾਈ ਨੂੰ ਬੇਇਨਸਾਫ਼ੀ ਕਰਾਰ ਦਿੱਤਾ।

