ਆਦਰਸ਼ ਸਕੂਲ: ਅਧਿਆਪਕਾਂ ਨੂੰ ਫਾਰਗ ਕਰਨ ਦਾ ਮਾਮਲਾ ਭਖ਼ਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 3 ਜੁਲਾਈ
ਮਾਨਸਾ ਨੇੜੇੇ ਆਦਰਸ਼ ਸਕੂਲ ਭੁਪਾਲ ਦੇ 21 ਅਧਿਆਪਕਾਂ ਫਾਰਗ ਕਰਨ ਦਾ ਮਾਮਲਾ ਭਖ ਗਿਆ ਹੈ। ਅੱਜ ਸਕੂਲ ਵਿੱਚ ਅਧਿਆਪਕਾਂ ਦੀ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯਨੀਅਨ (ਏਕਤਾ ਡਕੌਂਦਾ) ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਬੇਸਿੱਟਾ ਰਾਹੀ। ਮਸਲਾ ਹੱਲ ਨਾ ਹੋਣ ’ਤੇ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਭਲਕੇ 4 ਜੁਲਾਈ ਨੂੰ ਪ੍ਰਸ਼ਾਸਨ ਵਿਰੁੱਧ ਵੱਡਾ ਐਕਸ਼ਨ ਕਰਨ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਵੱਲੋਂ ਕੱਢੇ ਗਏ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਨਿਯਮਾਂ ਅਨੁਸਾਰ ਜਾਇਜ਼ ਦੱਸਿਆ ਹੈ।
ਅੱਜ ਪ੍ਰਸ਼ਾਸਨ ਵੱਲੋਂ ਮਾਨਸਾ ਦੇ ਐੱਸਡੀਐੱਮ ਕਾਲਾ ਰਾਮ ਕਾਂਸਲ, ਡੀਐੱਸਪੀ ਬੂਟਾ ਸਿੰਘ ਗਿੱਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਭੁਪਿੰਦਰ ਕੌਰ ਸਮੇਤ ਹੋਰ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਏ ਦੱਸੇ ਜਾਂਦੇ ਹਨ। ਦੋਹਾਂ ਧਿਰਾਂ ਵਿਚਕਾਰ ਭਾਵੇਂ ਗੱਲਬਾਤ ਸੁਖਾਵੇਂ ਮਾਹੌਲ ਵਿੱਚ ਹੋਈ, ਪਰ ਗੱਲ ਕਿਸੇ ਤਣ-ਪੱਤਣ ਨਾ ਲੱਗ ਸਕੀ ਅਤੇ ਕਿਸਾਨ ਜਥੇਬੰਦੀ ਨੇ ਮੀਟਿੰਗ ਅਸੰਤੁਸ਼ਟੀ ਜ਼ਾਹਿਰ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਕੂਲ ਵਿੱਚ ਕੰਮ ਕਰ ਰਹੇ 21 ਅਧਿਆਪਕਾਂ ਨੂੰ ਬਿਨਾਂ ਕੋਈ ਨੋਟਿਸ ਦਿੱਤਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਵੱਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀਆਂ ਗੱਲਾਂ ਕਰਕੇ ਹੁਣ ਸਕੂਲ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਾਕੇ ਨੌਕਰੀਆਂ ਤੋਂ ਹਟਾਇਆ ਜਾ ਰਿਹਾ ਹੈ, ਜੋ ਇਨਸਾਫ਼-ਪਸੰਦ ਲੋਕ ਕਿਤੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਵਾਰ-ਵਾਰ ਮੀਟਿੰਗਾਂ ਲਈ ਸੱਦਕੇ ਅਧਿਆਪਕਾਂ ਦੇ ਪੱਲੇ ਕੱਖ ਨਹੀਂ ਪਾਇਆ ਹੈ। ਉਨ੍ਹਾਂ ਮੰਚ ਤੋਂ ਐਲਾਨ ਕੀਤਾ ਕਿ ਭਲਕੇ 4 ਜੁਲਾਈ ਨੂੰ ਵੱਡਾ ਇਕੱਠ ਕਰਕੇ ਤਿੱਖਾ ਅਤੇ ਤਕੜਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜੀਤ ਸਿੰਘ ਧਲੇਵਾਂ, ਰਾਜ ਸਿੰਘ ਅਲੀਸ਼ੇਰ, ਰਾਜ ਸਿੰਘ ਅਕਲੀਆਂ, ਅਮਨਦੀਪ ਕੌਰ ਤੇ ਜਸਪ੍ਰੀਤ ਸਿੰਘ ਨੇ ਸੰਬੋਧਨ ਕੀਤਾ।
ਕੈਪਸ਼ਨ: ਆਦਰਸ਼ ਸਕੂਲ ਭੁਪਾਲ ਵਿੱਚ ਧਰਨਾ ਦਿੰਦੇ ਹੋਏ ਅਧਿਆਪਕ ਤੇ ਜਥੇਬੰਦੀਆਂ ਦੇ ਆਗੂ।